ਬਿਹਾਰ| ਦੇਸੀ ਜੁਗਾੜ ਦੀਆਂ ਕਈ ਵੀਡੀਓਜ਼ ਤੁਸੀਂ ਦੇਖੀਆਂ ਹੋਣਗੀਆਂ ਪਰ ਇਸ ਵਾਰ ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜੀ ਹਾਂ, ਬਿਹਾਰ ਦੇ ਇੱਕ ਹਸਪਤਾਲ ਵਿੱਚ ਇੱਕ ਮਰੀਜ਼ ਦਾ ਦੇਸੀ ਜੁਗਾੜ ਨਾਲ ਇਲਾਜ ਕੀਤਾ ਜਾ ਰਿਹਾ ਸੀ, ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ।
ਇੱਥੇ ਹਸਪਤਾਲ ਵਿੱਚ ਦਾਖ਼ਲ ਇੱਕ ਮਰੀਜ਼ ਨੂੰ ਪਿਸ਼ਾਬ ਦੇ ਥੈਲੇ ਦੀ ਥਾਂ ਕੋਲਡ ਡਰਿੰਕ ਦੀ ਬੋਤਲ ਲਾ ਕੇ ਰੱਬ ਆਸਰੇ ਛੱਡ ਦਿੱਤਾ ਗਿਆ। ਇਸ ਦੌਰਾਨ ਕਿਸੇ ਨੇ ਇਸ ਮਰੀਜ਼ ਦੀ ਵੀਡੀਓ ਬਣਾ ਕੇ ਹਸਪਤਾਲ ਦੇ ਸਾਰੇ ਪ੍ਰਬੰਧਾਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਹ ਵੀਡੀਓ ਬਿਹਾਰ ਦੇ ਜਮੁਈ ਜ਼ਿਲ੍ਹੇ ਦਾ ਹੈ। ਜਿੱਥੇ ਜੁਗਾੜ ਲਾ ਕੇ ਇੱਕ ਮਰੀਜ਼ ਦੀ ਜਾਨ ਖਤਰੇ ਵਿੱਚ ਪਾ ਦਿੱਤੀ ਗਈ। ਦਰਅਸਲ ਇੱਥੇ ਬੇਹੋਸ਼ ਹੋਣ ਤੋਂ ਬਾਅਦ ਇੱਕ ਮਰੀਜ਼ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉੱਥੇ ਉਸ ਮਰੀਜ਼ ਨੂੰ ਯੂਰਿਨ ਬੈਗ ਦੀ ਬਜਾਏ ਕੋਲਡ ਡਰਿੰਕ ਦੀ ਬੋਤਲ ਦੇ ਦਿੱਤੀ ਗਈ। ਵੀਡੀਓ ਵਾਇਰਲ ਹੋਣ ‘ਤੇ ਦੱਸਿਆ ਗਿਆ ਕਿ ਹਸਪਤਾਲ ‘ਚ ਪਿਸ਼ਾਬ ਦੀਆਂ ਥੈਲੀਆਂ ਖ਼ਤਮ ਹੋ ਗਈਆਂ ਹਨ।
ਇੱਕ ਪਾਸੇ ਜਿੱਥੇ ਸੂਬਾ ਸਰਕਾਰ ਸਿਹਤ ਵਿਵਸਥਾ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਉੱਥੇ ਹੀ ਦੂਜੇ ਪਾਸੇ ਜ਼ਿਲ੍ਹੇ ਦੇ ਵੱਡੇ ਸਰਕਾਰੀ ਹਸਪਤਾਲਾਂ ਵਿੱਚੋਂ ਅਜਿਹੀ ਲਾਪਰਵਾਹੀ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਵੀਡੀਓ ‘ਚ ਮਰੀਜ਼ ਬੇਹੋਸ਼ੀ ਦੀ ਹਾਲਤ ‘ਚ ਬੈੱਡ ‘ਤੇ ਪਿਆ ਨਜ਼ਰ ਆ ਰਿਹਾ ਹੈ।
ਹਸਪਤਾਲ ਪ੍ਰਸ਼ਾਸਨ ਨੇ ਕੀ ਦਿੱਤੀ ਸਫ਼ਾਈ
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਇਹ ਕਹਿ ਕੇ ਟਾਲ-ਮਟੋਲ ਕਰਦਾ ਨਜ਼ਰ ਆਇਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਯੂਰਿਨ ਬੈਗਾਂ ਦੀ ਕਮੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਸ ਸਮੇਂ ਮਰੀਜ਼ ਨੂੰ ਇਸਦੀ ਲੋੜ ਸੀ, ਇਸ ਲਈ ਕੋਲਡ ਡਰਿੰਕ ਦੀ ਬੋਤਲ ਲਾਈ ਗਈ। ਉਨ੍ਹਾਂ ਇਸ ਅਣਗਹਿਲੀ ਦੀ ਨਿਖੇਧੀ ਕਰਦਿਆਂ ਇਸ ਨਾਲ ਸਬੰਧਤ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)