“ਕਿੱਸਾ” ਦੱਬੀਆਂ ਹੋਈਆਂ ਆਵਾਜ਼ਾਂ ਨੂੰ ਸੁਣਨ ਲਾਉਂਦੀ ਹੈ

0
18973

ਜਾਂ ਤਾਂ ਫ਼ੀਮ ਚਟਾ ਦਿੱਤੀ ਜਾਂਦੀ ਜਾਂ ਦਾਈ ਗਲਾ ਘੋਟ ਦਿੰਦੀ, ਜੰਮਣ ਸਾਰ। ਦੱਬਣ ਵੇਲੇ ਕੋਲੇ ਗੁੜ ਦੀ ਰੋੜੀ ਤੇ ਪੂਣੀ ਰੱਖ ਕਿਹਾ ਜਾਂਦਾ- ਗੁੜ ਖਾਵੀਂ/ ਪੂਣੀ ਕੱਤੀ/ ਆਪ ਨਾ ਆਵੀਂ/ ਵੀਰੇ ਨੂੰ ਘੱਤੀਂ

ਸਿੱਖ ਰਹਿਤਨਾਮਿਆਂ ਚ ਕੁੜੀ ਮਾਰ ਨਾਲ ਸਾਂਝ ਨਾ ਰੱਖਣ ਦੀ ਹਦਾਇਤ ਵੀ ਇਧਰ ਇਸ਼ਾਰਾ ਕਰਦੀ ਹੈ

ਇਹ ਤਾਂ ਹੋਏ ਦੱਬੀਆਂ ਦੇ ਕਿੱਸੇ।

ਫ਼ਿਲਮ ਦਬਾਈਆਂ ਗਈਆਂ ਦਾ ‘ਕਿੱਸਾ’ ਹੈ

ਪਿਓ ਦੇ ਅੰਦਰ ਕਿਤੇ ‘ਪੁਤੀ ਗੰਢੁ ਪਵੇ ਸੰਸਾਰਿ’ ਦੀ ਗੰਢ ਕਿਤੇ ਬੇਹੱਦ ਪੀਡੀ ਬੱਝੀ ਹੈ। ਉਹ ਕੁੜੀ ਨੂੰ ਮੁੰਡਾ ਬਣਾ ਕੇ ਪਾਲਦਾ ਹੈ।

ਹੁਣ ‘ਮੁੰਡਾ’ ਟਿੱਬੇ ਦੇ ਸਿਖਰ ਤੇ ਖੜ੍ਹੇ ਕੱਲੇ ਰੁੱਖ ਜਿਹਾ ਹੈ। ‘ਕੱਲਾ। ਭੈਣਾਂ ਨਾਲ ਖੇਡ ਨ੍ਹੀਂ ਸਕਦਾ। ਪਹਿਲਾਂ-ਪਹਿਲਾਂ ‘ਮੁੰਡਾ’ ਭੈਣਾਂ ਨਾਲ ਈਰਖਾ ਕਰਦਾ ਹੈ। ਉਹਨਾ ਦੇ ਲੀੜੇ ਪਾ ਕੇ ਦੇਖਦਾ ਹੈ। ਹੌਲੀ-ਹੌਲੀ ਪਿਓ ਮਰਦ ਹੋਣ ਦੀ ‘ਟਰੇਨਿੰਗ’ ਦੇ ਦਿੰਦਾ ਹੈ।

ਪਿਓ ਸਭ ਹੱਦਾਂ ਪਾਰ ਕਰ ਜਾਂਦਾ ਹੈ। ਆਖਿਰ ‘ਮੁੰਡੇ’ ਹੱਥੋਂ ਮਾਰਿਆ ਜਾਂਦਾ ਹੈ। ‘ਮੁੰਡੇ’ ਦਾ ਪਿਓ ਬਿਨਾ ਕੋਈ ਵਜੂਦ ਹੀ ਨ੍ਹੀਂ। ਹੁਣ ਉਹਨੂੰ ਭੈਅ ਆਉੰਦਾ ਹੈ। ਹੁਣ ਉਹ ਬਹੂ ਦੇ ਪੱਲੇ ਨਾਲ ਬੱਝ ਗਿਆ। ਬਹੂ ਆਖਦੀ ਹੈ- ਹੁਣ ਉਹ ਮੁਕਤ ਹੈ ਹੁਣ ਅਸਲ ਜੀਵੇ।

ਪਿਓ ਦਾ ‘ਭੂਤ’ ਅਜਿਹਾ ਮਨ ਤੇ ਹਾਵੀ ਹੈ,ਦਿਖਣ ਲੱਗ ਜਾਂਦਾ ਹੈ।

ਪਿਓ ਨਾਲ ‘ਲਵ-ਹੇਟ’ ਦਾ ਰਿਸ਼ਤਾ ਹੈ। ਖ਼ੌਫ਼ ਵੀ ਹੈ, ਜਕੜ ਚੋ ਬਾਹਰ ਆਉਣ ਦਾ ਮਨ ਵੀ ਹੈ। ਪਰ ਹੁਣ ‘ਮੁੰਡੇ’ ਕੋਲ ਨਾ ਭਾਸ਼ਾ ਹੈ, ਨਾ ‘ਟਰੇਨਿੰਗ’ ਹੈ, ਨਾ ਦੇਹ ਭਾਸ਼ਾ। ਅੰਦਰਲੇ ਦ੍ਰਵਾਂ/ਰਸਾਂ ਤੱਕ ਵਿਗਾੜ ਪੈ ਗਿਆ ਹੈ। ਤੀਵੀਆਂ ਵਾਲੇ ਲੀੜੇ ਦੇਹ ਨੂੰ, ਰੂਹ ਨੂੰ ਓਪਰੇ ਲੱਗਦੇ ਨੇ। ਇਹੀ ਦੁਖਾਂਤ ਹੈ। ਇਹੀ ਕਸ਼ਮਕਸ਼।

ਫ਼ਿਲਮ ਜਾਦੂਈ-ਯਥਾਰਥ ਸ਼ੈਲੀ ਚ ਫਿਲਮਾਈ ਗਈ ਹੈ ਯਨਕਿ ਗੱਲ ਕਹਿਣ ਲਈ ਯਥਾਰਥ/ਸੱਚ ਤੋਂ ਅੱਗੇ ਜਾ ਜੁਗਤ ਦਾ ਸਹਾਰਾ ਲਿਆ ਗਿਆ ਹੈ। ਜਿਵੇਂ ਲੋਕ/ਮਿੱਥ ਕਥਾਵਾਂ ਹੁੰਦੀਆਂ ਨੇ। ਜਿਵੇਂ ਕਾਫਕੇ ਦੀਆਂ ਲਿਖਤਾਂ ਹੁੰਦੀਆਂ ਨੇ। ਸੁਪਨੇ ਤੇ ਯਥਾਰਥ ਦਾ ਮੇਲ। ਪਾਤਰਾਂ ਦੀ ਬੋਲੀ ਬੜੀ ਠੇਠ ਹੈ।

ਪ੍ਰੇਸ਼ਾਨ ਕਰਨ ਵਾਲੀ ਫ਼ਿਲਮ ਹੈ। ਪੰਜਾਬੀ ਚ ਅਜਿਹੀ ਫ਼ਿਲਮ ਬਣਾਉਣਾ/ਪ੍ਰਯੋਗ ਕਰਨਾ, ਹਿੰਮਤ ਵਾਲਾ ਕੰਮ ਹੈ। ਅਨੂਪ ਸਿੰਘ ਇਸ ਪੱਖੋਂ ਵਧਾਈ ਦਾ ਪਾਤਰ ਹੈ।

ਪੋ.ਸ- ਫ਼ਿਲਮ ਦੇਖਦਿਆਂ ਨਾਨਕੇ ਪਿੰਡ ਦੀ ‘ਔਰਤ’ ਯਾਦ ਆਉਂਦੀ ਰਹੀ ਜੋ ਮਰਦ ਬਣ ਵਿਚਰਦੀ ਸੀ। ਸੱਥ ਚ ਬੈਠਦੀ ਸੀ। ਖੇਤੀ ਕਰਦੀ ਸੀ। ਡਾਂਗ ਰੱਖਦੀ। ਮਰਦਾਂ/ਪਿੰਡ ਲਈ ਉਹ ਓਪਰੀ ਨਹੀਂ ਸੀ, ਪਿੰਡ ਨੇ ਉਹਨੂੰ ਅਪਣਾ ਲਿਆ ਸੀ। ਨਵੇਂ ਬੰਦੇ ਲਈ ਉਹ ਜ਼ਰੂਰ ਓਪਰੀ ਸੀ। ਸੁਣਿਆ ਸੀ ਪਿਓ ਦੀ ਕਬੀਲਦਾਰੀ ਸਾਂਭਣ ਲਈ ਉਹਨੇ ਖ਼ੁਦ ਫੈਸਲਾ ਲਿਆ ਸੀ। ਉਹਦਾ ਮਨ ਕਿਹੋ ਜਿਹਾ ਹੋਵੇਗਾ, ਕੀ ਸੋਚਦੀ ਸੀ ਉਹ। ਉਹਦੇ ਨਾਲ ਗੱਲਾਂ ਕਰਨ ਨੂੰ ਜੀਅ ਕਰਦਾ ਹੈ।