ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ, ਨਾਲ ਰਹਿੰਦੇ ਵਿਅਕਤੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ

0
172

ਚੰਡੀਗੜ੍ਹ, 5 ਦਸੰਬਰ | ਕੈਨੇਡਾ ਦੇ ਓਨਟਾਰੀਓ ਸੂਬੇ ਦੇ ਸਰਨੀਆ ਸ਼ਹਿਰ ਵਿਚ 22 ਸਾਲਾ ਭਾਰਤੀ ਵਿਦਿਆਰਥੀ ਗੁਰਾਸੀਸ ਸਿੰਘ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੁਰਾਸੀਸ ਭਾਰਤ ਦਾ ਨਾਗਰਿਕ ਸੀ ਅਤੇ ਲੈਂਬਟਨ ਕਾਲਜ ਵਿਚ ਬਿਜ਼ਨੈਸ ਦੀ ਪੜ੍ਹਾਈ ਕਰ ਰਿਹਾ ਸੀ। ਘਟਨਾ ਉਸ ਦੀ ਰਿਹਾਇਸ਼ ‘ਤੇ ਵਾਪਰੀ, ਜਿੱਥੇ ਉਹ ਅਤੇ ਮੁਲਜ਼ਮ ਕਿਰਾਏ ‘ਤੇ ਇੱਕੋ ਘਰ ਵਿਚ ਰਹਿੰਦੇ ਸਨ। ਸਾਰਨੀਆ ਪੁਲਿਸ ਨੂੰ 1 ਦਸੰਬਰ ਦੀ ਸਵੇਰ ਨੂੰ ਇੱਕ ਫੋਨ ਆਇਆ, ਜਿਸ ਵਿਚ ਕਤਲ ਦੀ ਸੂਚਨਾ ਦਿੱਤੀ ਗਈ ਸੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਗੁਰਾਸੀਸ ਸਿੰਘ ਨੂੰ ਮ੍ਰਿਤਕ ਪਾਇਆ। ਕਰਾਸਲੇ ਹੰਟਰ (36) ਨੂੰ ਮੌਕੇ ‘ਤੇ ਗ੍ਰਿਫਤਾਰ ਕੀਤਾ ਸੀ।

ਪੁਲਿਸ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਗੁਰਾਸੀਸ ਅਤੇ ਹੰਟਰ ਰਸੋਈ ਵਿਚ ਮੌਜੂਦ ਸਨ। ਦੋਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ, ਜੋ ਇੰਨੀ ਵਧ ਗਈ ਕਿ ਹੰਟਰ ਨੇ ਗੁਰਾਸੀਸ ‘ਤੇ ਚਾਕੂ ਨਾਲ ਕਈ ਵਾਰ ਕੀਤੇ। ਗੁਰਾਸੀਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਸ਼ੀ ਕ੍ਰਾਸਲੇ ਹੰਟਰ ‘ਤੇ ਸੈਕਿੰਡ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਇਸ ਨੂੰ “ਗੁੰਝਲਦਾਰ ਮਾਮਲਾ” ਦੱਸਿਆ ਅਤੇ ਕਿਹਾ ਕਿ ਘਟਨਾ ਦੀ ਜਾਂਚ ਅਜੇ ਵੀ ਜਾਰੀ ਹੈ। ਪੁਲਿਸ ਮੁਖੀ ਡੇਰੇਕ ਡੇਵਿਸ ਨੇ ਕਿਹਾ, “ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਕਤਲ ਦਾ ਮਕਸਦ ਕੀ ਸੀ। ਫਿਲਹਾਲ ਇਸ ਘਟਨਾ ਨੂੰ ਨਸਲੀ ਤੌਰ ‘ਤੇ ਪ੍ਰੇਰਿਤ ਨਹੀਂ ਮੰਨਿਆ ਜਾ ਰਿਹਾ ਹੈ।”

ਲੈਂਬਟਨ ਕਾਲਜ ਨੇ ਗੁਰਾਸੀਸ ਸਿੰਘ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਾਲਜ ਨੇ ਕਿਹਾ, ਅਸੀਂ ਇੱਕ ਵਿਦਿਆਰਥੀ ਦੀ ਅਜਿਹੀ ਦੁਖਦਾਈ ਮੌਤ ‘ਤੇ ਡੂੰਘੇ ਦੁੱਖ ਵਿਚ ਹਾਂ। ਅਸੀਂ ਗੁਰਾਸੀਸ ਦੇ ਪਰਿਵਾਰ ਦੇ ਸੰਪਰਕ ਵਿਚ ਹਾਂ ਅਤੇ ਉਸ ਦੀ ਦੇਹ ਦੇ ਅੰਤਿਮ ਸੰਸਕਾਰ ਅਤੇ ਭਾਰਤ ਵਾਪਸੀ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਾਂ।