ਮੋਹਾਲੀ| ਦੇਰ ਰਾਤ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਗੱਡੀ ਦਾ ਕੁਝ ਨਕਾਬਪੋਸ਼ਾਂ ਨੇ ਕਾਫੀ ਦੂਰ ਤੱਕ ਪਿੱਛਾ ਕੀਤਾ। ਜਿਸ ਤੋਂ ਬਾਅਦ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਗੰਨਮੈਨ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਾਰੇ ਫਰਾਰ ਹੋ ਗਏ।
ਖਬਰਾਂ ਮੁਤਾਬਿਕ ਬਾਈਕ ‘ਤੇ ਸਵਾਰ ਅਣਪਛਾਤੇ ਲੋਕਾਂ ਵੱਲੋਂ ਮੁਹਾਲੀ ਸਥਿਤ ਮਨਕੀਰਤ ਔਲਖ ਦੀ ਸੁਸਾਇਟੀ ਦੀ ਰੇਕੀ ਕੀਤੀ ਗਈ। ਪੁਲਿਸ ਮੁਤਾਬਿਕ ਇਹ ਰੇਕੀ ਬੁੱਧਵਾਰ ਰਾਤ ਨੂੰ ਹੋਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਨੇੜੇ-ਤੇੜੇ ਦੇ ਸਾਰੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ।
ਘਟਨਾ ਬੁੱਧਵਾਰ ਰਾਤ ਦੇ ਕਰੀਬ ਪੌਣੇ ਇੱਕ ਵਜੇ ਦੀ ਦੱਸੀ ਜਾ ਰਹੀ ਹੈ ਜਦੋਂ 3 ਸ਼ੱਕੀ ਬਾਈਕ ਸਵਾਰ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ, ਲਗਾਤਾਰ ਗੱਡੀਆਂ ਦਾ ਪਿੱਛਾ ਕਰ ਰਹੇ ਸੀ ਪਰ ਮਨਕੀਰਤ ਦੇ ਗੰਨਮੈਨ ਨੂੰ ਦੇਖ ਕੇ ਸਾਰੇ ਸ਼ੱਕੀ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਸ਼ੱਕੀ ਨੌਜਵਾਨ ਮਨਕੀਰਤ ਦੀ ਸੁਸਾਇਟੀ ਦੇ ਗੇਟ ਤੱਕ ਪਹੁੰਚ ਗਏ ਸਨ। ਮਨਕੀਰਤ ਔਲਖ ਵੱਲੋਂ ਇਸ ਸਾਰੇ ਮਾਮਲੇ ਦੀ ਇਤਲਾਹ ਮੁਹਾਲੀ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਮਨਕੀਰਤ ਔਲ਼ਖ ਦਾ ਨਾਂ ਵੀ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ ਨੇ ਉਸਨੂੰ ਪੁੱਛਗਿਛ ਲਈ ਵੀ ਸੱਦਿਆ ਸੀ। ਇਸਤੋਂ ਇਲਾਵਾ ਮਾਰਚ 2023 ਵਿੱਚ ਮਨਕੀਰਤ ਨੂੰ ਮੁਹਾਲੀ ਹਵਾਈ ਅੱਡੇ ਤੋਂ ਫਲਾਈਟ ਲੈਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ ਸੀ