ਮਿਲਣਸਾਰ ਇਨਸਾਨ ਜਤਿੰਦਰ ਪੰਨੂ

0
4088

ਜਤਿੰਦਰ ਪਨੂੰ ਬਹੁਤ ਹੀ ਮਿਲਣਸਾਰ, ਮਿਹਨਤੀ, ਇਮਾਨਦਾਰ ਸੁਭਾਅ ਦਾ ਵਿਆਕਤੀ ਹੈ। ਮਿਲਣਸਾਰ ਬੰਦੇ ਨਾਲ ਮੁਲਾਕਾਤ ਕਰਨੀ ਭਾਵੇਂ ਬਹੁਤੀ ਔਖੀ ਨਹੀਂ ਹੁੰਦੀ ਪਰ ਜਿਸ ਬੰਦੇ ਨੂੰ ਤੁਸੀਂ ਪਹਿਲਾਂ ਕਦੇ ਮਿਲੇ ਨਹੀਂ ਹੁੰਦੇ ਤਾਂ ਤੁਹਾਡੇ ਮਨ ਵਿਚ ਇੱਕ ਧੁੜਕੂ ਜ਼ਰੂਰ ਹੁੰਦਾ ਕਿ ਪਤਾ ਨਹੀਂ ਇਹ ਵਿਆਕਤੀ ਕਿੰਨਾ ਕੁ ਸਹਿਯੋਗ ਦੇਵੇਗਾ। ਮੈਂ ਜਦੋਂ ਫ਼ੋਨ ’ਤੇ ਮੁਲਾਕਾਤ ਦੀ ਇੱਛਾ ਜ਼ਾਹਰ ਕੀਤੀ ਤਾਂ ਬਿਨਾਂ ਕਿਸੇ ਟਾਲ ਮਟੋਲ ਦੇ ਉਨ੍ਹਾਂ ਕਿਹਾ, “ਸਤਨਾਮ ਜੀ, ਅਪਣਾ ਟਾਇਮ ਦੇਖ ਕੇ ਜਦੋਂ ਮਰਜ਼ੀ ਆ ਜਾਉ। ਮੈਂ ਅਜੇ ਦੋ ਦਿਨ ਤੁਹਾਡੇ ਸ਼ਹਿਰ (ਕੈਲਗਰੀ) ਵਿੱਚ ਹੀ ਹਾਂ।”

ਮੈਨੂੰ ਇੰਝ ਲੱਗਾ ਕਿ ਜਿਵੇਂ ਉਹ ਮੈਨੂੰ ਪਹਿਲਾਂ ਹੀ ਜਾਣਦਾ ਹੋਵੇ। ਇਹੋ ਜਿਹੇ ਵਿਆਕਤੀ ਨਾਲ ਮੁਲਾਕਾਤ ਕਰਨ ਦਾ ਸੁਆਦ ਵੱਖਰਾ ਹੀ ਹੁੰਦਾ ਹੈ। ਸਭ ਤੋਂ ਵੱਡੀ ਗੱਲ ਇਹ ਕਿ ਉਸ ਨੇ ਕਿਸੇ ਵੀ ਗੱਲ ਨੂੰ ਲੁਕੋਇਆ ਨਹੀਂ, ਨਾ ਹੀ ਕਿਸੇ ਸਵਾਲ ਨੂੰ ਕੱਟਣ ਲਈ ਕਿਹਾ ਅਤੇ ਨਾ ਹੀ ਜਵਾਬ ਦੇਣ ਤੋਂ ਟਾਲ਼ਾ ਵੱਟਿਆ। ਜਤਿੰਦਰ ਪੰਨੂ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਉਸ ਨੂੰ ਦੁਨੀਆ ਭਰ ਦੇ ਪੰਜਾਬੀ ਬੜੀ ਚੰਗੀ ਤਰ੍ਹਾਂ ਜਾਣਦੇ ਹਨ। ਵੱਖ ਵੱਖ ਵਿਸ਼ਿਆਂ ਉੱਤੇ ਉਸ ਦੇ ਲਿਖੇ ਲੇਖ ਲੋਕ ਪੜ੍ਹਦੇ ਹਨ ਤੇ ਅਗਲੇ ਲੇਖ ਦੀ ਉਡੀਕ ਕਰਦੇ ਰਹਿੰਦੇ ਹਨ। ਵਿਦੇਸ਼ਾਂ ਵਿੱਚ ਹੁਣ ਬਹੁਤ ਸਾਰੇ ਰੇਡੀਉ ਪ੍ਰੋਗਰਾਮ ਪੰਜਾਬੀਆਂ ਵੱਲੋਂ ਚਲਾਏ ਜਾਂਦੇ ਹਨ, ਉਹਨਾਂ ’ਤੇ ਸਰੋਤੇ ਪਨੂੰ ਦਾ ਤਬਸਰਾ ਬੜੀ ਨੀਝ ਨਾਲ ਸੁਣਦੇ ਹਨ। ਉਹ ਪਿਛਲੇ ਕਾਫੀ ਸਮੇਂ ਤੋਂ ‘ਨਵਾਂ ਜ਼ਮਾਨਾ’ ਅਖ਼ਬਾਰ ਲਈ ਕੰਮ ਕਰ ਰਿਹਾ ਹੈ। ਇਹਨਾਂ ਹਫਤਾਵਾਰੀ ਲੇਖਾਂ ਦੇ ਨਾਲ ਨਾਲ ਜਤਿੰਦਰ ਪਨੂੰ ਇੱਕ ਕਾਲਮ ‘ਤੀਸ ਮਾਰ ਖਾਂ’ ਵੀ ਲਿਖ ਰਿਹਾ ਹੈ, ਜੋ ਬਹੁਤ ਹੀ ਮਕਬੂਲ ਹੈ।

ਉਂਝ ਤਾਂ ਬਹੁਤ ਸਾਰੀਆਂ ਪੰਜਾਬੀ ਅਖ਼ਬਾਰਾਂ ਵਿੱਚ ਹੋਰ ਪੱਤਰਕਾਰ ਵੀ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ ਆਪੋ ਆਪਣੇ ਵਿਚਾਰ ਪੇਸ਼ ਕਰਦੇ ਹਨ ਤੇ ਲੋਕ ਪੜ੍ਹਦੇ ਵੀ ਹਨ ਪਰ ਜਤਿੰਦਰ ਪਨੂੰ ਦੀ ਪੱਤਰਕਾਰੀ ਬਹੁਤ ਨਿਵੇਕਲ਼ੀ ਤੇ ਨਿੱਡਰ ਹੋਣ ਕਰਕੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਭਾਵੇਂ ਜਤਿੰਦਰ ਪਨੂੰ ਇਸ ਗੱਲ ਨੂੰ ਮੰਨਦਾ ਹੈ ਕਿ ਪੱਤਰਕਾਰ ਨਿਰਪੱਖ ਨਹੀਂ ਹੁੰਦੇ ਪਰ ਪਨੂੰ ਦੀਆਂ ਇਮਾਨਦਾਰੀ ਨਾਲ ਕੀਤੀਆਂ ਸੱਚੀਆਂ ਤੇ ਸਿੱਧੀਆਂ ਪਸਾਟ ਗੱਲਾਂ ਕਈ ਵਾਰ ਉਹਨਾਂ ਲੋਕਾਂ ਨੂੰ ਗੱਸੇ ਵੀ ਕਰ ਦਿੰਦੀਆਂ, ਜਿਹੜੇ ਸਾਡੇ ਸਮਾਜ ਨੂੰ ਨੁਕਸਾਨ ਪਹੁੰਚਾੳਣ ਜਾਂ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ। ਉਹਨਾਂ ਲੋਕਾਂ ਵੱਲੋਂ ਮਿਲ਼ੀਆਂ ਧਮਕੀਆਂ ਜਾਂ ਲਾਲਚ ਉਸ ਨੂੰ ਆਪਣੇ ਰਾਹ ਤੋਂ ਥਿੜਕਾ ਨਹੀਂ ਸਕੇ। ਇਹੀ ਉਸ ਦੀ ਨਿਵੇਕਲ਼ੀ ਪਛਾਣ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਜਤਿੰਦਰ ਪਨੂੰ ਇੱਕ ਸਫ਼ਲ ਸੰਪਾਦਕ ਵੀ ਹੈ। ਉਸ ਨੂੰ ਪਤਾ ਹੈ ਕਿ ਲੋਕਾਂ ਨੂੰ ਆਪਣੇ ਨਾਲ ਤੇ ਅਖ਼ਬਾਰ ਨਾਲ ਕਿਸ ਤਰ੍ਹਾਂ ਜੋੜਨਾ ਹੈ। ਨਵਾਂ ਜ਼ਮਾਨਾਂ ਅਖ਼ਬਾਰ ਭਾਵੇਂ ਕਮਿਉਨਿਸਟ ਪੱਖੀ ਅਖ਼ਬਾਰ ਹੈ ਪਰ ਲੋਕਾਂ ਦੀ ਨਬਜ਼ ਪਛਾਣ ਕੇ ਗੱਲ ਕਰਨ ਦੀ ਦਲੇਰੀ ਰੱਖਣ ਵਾਲੇ ਅਤੇ ਨਾ ਵਿਕਣ ਵਾਲੇ ਪੱਤਰਕਾਰਾਂ ਦੇ ਕਰਕੇ ਇਹ ਅਖ਼ਬਾਰ ਲੋਕਾਂ ਦੇ ਮਨਾਂ ਵਿੱਚ ਘਰ ਕਰ ਚੱਕਾ ਹੈ। ਨਵਾਂ ਜ਼ਮਾਨਾਂ ਦੇ ‘ਐਤਵਾਰਤਾ’ ਅੰਕ ਦੀ ਲੋਕ ਬੜੀ ਉਤਸੁਕਤਾ ਨਾਲ ਹਫ਼ਤਾ ਭਰ ਉਡੀਕ ਕਰਦੇ ਹਨ। ਸਮੇਂ ਸਮੇਂ ਕਈ ਹੋਰ ਵਿਸ਼ੇਸ਼ ਅੰਕ ਵੀ ਕੱਢਦੇ ਰਹਿਣ ਕਰਕੇ ਅਖ਼ਬਾਰ ਨੇ ਆਪਣੀ ਵਿਸ਼ੇਸ਼ ਥਾਂ ਬਣਾਈ ਹੋਈ ਹੈ। ਜਤਿੰਦਰ ਪਨੂੰ ਆਪਣੀ ਪ੍ਰੀਬੱਧਤਾ ਉੱਪਰ ਪਹਿਰਾ ਦੇਣ ਵਾਲ਼ਾ, ਅਖ਼ਬਾਰ ਲਈ, ਪਾਰਟੀ ਅਤੇ ਸਮਾਜ ਲਈ ਸਮਰਪਿਤ ਵਿਅਕਤੀ ਹੈ, ਜਿਸ ਉੱਪਰ ਪੰਜਾਬੀਆਂ ਨੂੰ ਪੂਰਾ ਮਾਣ ਹੈ। ਪੱਤਰਕਾਰੀ ਵਿੱਚ ਕੰਮ ਕਰਦਿਆਂ ਉਸ ਨੂੰ ਆਲ ਇੰਡੀਆ ਸਮਾਲ ਐਂਡ ਮੀਡੀਅਮ ਨੀਊਜ਼ ਪੇਪਰਜ਼ ਸੁਸਾਇਟੀ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਪੱਤਰਕਾਰ ਐਵਾਰਡ ਮਿਲ ਚੁੱਕਿਆ ਹੈ। ਪਨੂੰ ਜੀ ਦੀ ਇਸ ਫੇਰੀ ਸਮੇਂ ਮੈਂ ਉਹਨਾਂ ਨਾਲ ਇੱਕ ਲੰਬੀ ਤੇ ਵਿਸ਼ੇਸ਼ ਮੁਲਾਕਾਤ ਕੀਤੀ, ਜਿਸ ਵਿੱਚ ਬਹੁਤ ਸਾਰੀਆਂ ਦਿਲਚਸਪ ਗੱਲਾਂਬਾਤਾਂ ਹੋਈਆਂ। ‘ਸਰੋਕਾਰ’ ਦੇ ਪਾਠਕਾਂ ਲਈ ਅਸੀਂ ਉਸ ਮੁਲਾਕਾਤ ਦੇ ਕੁਝ ਅੰਸ਼ ਪੇਸ਼ ਕਰ ਰਹੇ ਹਾਂ। ਉਮੀਦ ਹੈ ਪਾਠਕ ਪੰਸਦ ਕਰਨਗੇ।