ਜ਼ੀਰਕਪੁਰ, 10 ਅਕਤੂਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗ੍ਰੈਜੂਏਸ਼ਨ ਤੋਂ ਬਾਅਦ ਮਾਡਲਿੰਗ ਦੀ ਦੁਨੀਆ ਵਿਚ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ 23 ਸਾਲ ਦੀ ਅਦਾਕਾਰਾ ਜੋਕਿ ਪੰਜਾਬੀ ਗੀਤਾਂ ਦੀਆਂ 4 ਐਲਬਮ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੀ, ਜ਼ੀਰਕਪੁਰ ਦੇ ਪਾਸ਼ ਇਲਾਕੇ ਵਿਚ ਵੀ. ਆਈ. ਪੀ. ਰੋਡ ’ਤੇ ਸਥਿਤ ਐੱਸ. ਬੀ. ਪੀ. ਸਾਊਥ ਸਿਟੀ ਸੋਸਾਇਟੀ ਦੇ ਫਲੈਟ ਵਿਚ ਰਹਿੰਦੀ ਸੀ, ਨੇ ਜਾਨ ਦੇ ਦਿੱਤੀ। ਮ੍ਰਿਤਕਾ ਦੀ ਪਛਾਣ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੂਚਿਤਾ ਕੌਰ ਉਰਫ਼ ਇਨਾਇਤ ਵਜੋਂ ਹੋਈ ਹੈ, ਜੋਕਿ ਆਪਣੇ ਕੰਮ ਕਾਰਨ ਆਪਣੇ ਪਰਿਵਾਰ ਤੋਂ ਵੱਖ ਹੋ ਕੇ ਜ਼ੀਰਕਪੁਰ ਦੀ ਸੋਸਾਇਟੀ ਵਿਚ 1-ਬੀ. ਐੱਚ. ਕੇ. ਦੇ ਅਪਾਰਟਮੈਂਟ ਵਿਚ ਰਹਿ ਰਹੀ ਸੀ। ਉਹ ਕਿਰਾਏ ’ਤੇ ਫਲੈਟ ਵਿਚ ਰਹਿੰਦੀ ਸੀ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਪਹੁੰਚਾਇਆ। ਬਾਅਦ ਵਿਚ ਜਦੋਂ ਫਲੈਟ ਅੰਦਰ ਜਾਂਚ ਕੀਤੀ ਤਾਂ ਉਥੇ ਪਈ ਇਕ ਡਾਇਰੀ ਵਿਚੋਂ ਸੂਚਿਤਾ ਵੱਲੋਂ ਅੰਗਰੇਜ਼ੀ ਵਿਚ ਲਿਖੀ ਚਿੱਠੀ ਬਰਾਮਦ ਹੋਈ। ਇਸ ਵਿਚ ਸੂਚਿਤਾ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਜ਼ਿਆਦਾ ਕੰਮ ਹੋਣ ਕਾਰਨ ਤੇ ਤਣਾਅ ਦੱਸਿਆ ਹੈ ਅਤੇ ਕਿਹਾ ਕਿ ਇਸ ਕਰਕੇ ਉਸ ਨੇ ਇਹ ਕਦਮ ਚੁੱਕਿਆ ਹੈ। ਜ਼ੀਰਕਪੁਰ ਥਾਣਾ ਇੰਚਾਰਜ ਸਿਮਰਜੀਤ ਸਿੰਘ ਸ਼ੇਰਗਿੱਲ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਦੇ ਭਰਾ ਆਕਾਸ਼ ਦੀ ਸ਼ਿਕਾਇਤ ’ਤੇ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੂਚਿਤਾ ਦੇ ਭਰਾ ਆਕਾਸ਼ ਨੇ ਦੱਸਿਆ ਕਿ ਉਹ ਹਰ ਹਫਤੇ ਆਪਣੇ ਪਰਿਵਾਰ ਨੂੰ ਮਿਲਣ ਹੁਸ਼ਿਆਰਪੁਰ ਆਉਂਦੀ ਸੀ ਪਰ ਇਨ੍ਹੀਂ ਦਿਨੀਂ ਸੂਚਿਤਾ ਇਕ ਵੈੱਬ ਸੀਰੀਜ਼ ਵਿਚ ਕੰਮ ਕਰ ਰਹੀ ਸੀ, ਜਿਸ ਕਾਰਨ ਸ਼ਨੀਵਾਰ ਘਰ ਨਾ ਆ ਕੇ ਅਗਲੇ ਹਫ਼ਤੇ ਘਰ ਆਉਣ ਦਾ ਪਲਾਨ ਬਣਾਇਆ ਸੀ। ਅੱਜ ਸੂਚਿਤਾ ਨੇ ਜਾਨ ਦੇ ਦਿੱਤੀ। ਸੂਚਿਤਾ ਕੌਰ ਉਰਫ ਇਨਾਇਤ ਦੀ ਮੌਤ ਦੀ ਖਬਰ ਜਿਵੇਂ ਹੀ ਪਾਲੀਵੁੱਡ ਫੀਲਡ ਇੰਡਸਟਰੀ ਨਾਲ ਜੁੜੇ ਲੋਕਾਂ ਤੱਕ ਪਹੁੰਚੀ ਤਾਂ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ।