ਬੰਬੀਹਾ ਗੈਂਗ ‘ਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ : ਬਠਿੰਡਾ, ਫਿਰੋਜ਼ਪੁਰ ਤੇ ਪਟਿਆਲਾ ‘ਚ 60 ਤੋਂ ਵੱਧ ਥਾਵਾਂ ‘ਤੇ ਰੇਡ, 3 ਗ੍ਰਿਫਤਾਰ

0
225

ਚੰਡੀਗੜ੍ਹ | ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਬੰਬੀਹਾ ਗੈਂਗ ‘ਤੇ ਵੱਡੀ ਕਾਰਵਾਈ ਕੀਤੀ ਹੈ। ਅੱਜ ਸਵੇਰ ਤੋਂ ਹੀ ਕਰੀਬ 50 ਟੀਮਾਂ ਨੇ ਬਠਿੰਡਾ, ਫਿਰੋਜ਼ਪੁਰ ਅਤੇ ਪਟਿਆਲਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ 60 ਤੋਂ ਵੱਧ ਥਾਵਾਂ ‘ਤੇ ਇੱਕੋ ਸਮੇਂ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਟਿਕਾਣੇ ਬੰਬੀਹਾ ਗਰੁੱਪ ਦੇ ਕਰੀਬੀਆਂ ਦੇ ਹਨ।

ਪੁਲਿਸ ਵੱਲੋਂ ਪਿਛਲੇ ਕੁਝ ਸਮੇਂ ਤੋਂ ਬੰਬੀਹਾ ਗੈਂਗ ਨਾਲ ਜੁੜੇ ਲੋਕਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਸੀ। ਪੂਰੀ ਰਿਪੋਰਟ ਦੇ ਆਧਾਰ ‘ਤੇ ਅਤੇ ਹਾਈਕਮਾਂਡ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮੰਗਲਵਾਰ ਨੂੰ ਪੰਜਾਬ ਭਰ ‘ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

ਸੂਤਰਾਂ ਅਨੁਸਾਰ ਇਨ੍ਹਾਂ ਠਿਕਾਣਿਆਂ ‘ਤੇ ਪੂਰੇ ਪੰਜਾਬ ‘ਚ ਨਾਲੋ-ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬਠਿੰਡਾ-ਫਿਰੋਜ਼ਪੁਰ ‘ਚ 40 ਦੇ ਕਰੀਬ ਟਿਕਾਣਿਆਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਪਟਿਆਲਾ ‘ਚ ਵੀ ਪੁਲਿਸ 25 ਦੇ ਕਰੀਬ ਥਾਵਾਂ ‘ਤੇ ਤਲਾਸ਼ੀ ਲੈ ਰਹੀ ਹੈ। ਪੂਰੇ ਸਰਚ ਆਪਰੇਸ਼ਨ ਨੂੰ ਅੰਜਾਮ ਦੇਣ ਲਈ ਕਰੀਬ 50 ਟੀਮਾਂ ਬਣਾਈਆਂ ਗਈਆਂ ਸਨ।

ਇਨ੍ਹਾਂ ਟਿਕਾਣਿਆਂ ‘ਤੇ ਕਾਰਵਾਈ ਕਰਨ ਤੋਂ ਬਾਅਦ ਪੁਲਿਸ ਹੁਣ ਤੱਕ ਕਰੀਬ ਤਿੰਨ ਲੋਕਾਂ ਨੂੰ ਹਿਰਾਸਤ ‘ਚ ਲੈ ਚੁੱਕੀ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬੰਬੀਹਾ ਗਰੁੱਪ ਨਾਲ ਸਬੰਧਤ ਇਲੈਕਟ੍ਰਾਨਿਕ ਯੰਤਰ ਅਤੇ ਦਸਤਾਵੇਜ਼ ਵੀ ਪੁਲਿਸ ਨੇ ਕੁਝ ਥਾਵਾਂ ਤੋਂ ਜ਼ਬਤ ਕੀਤੇ ਹਨ।