ਪੰਜਾਬ ਪੁਲਿਸ ਨੇ 10 ਜ਼ਿਲ੍ਹਿਆਂ ‘ਚ ਕਰਫਿਊ ਲਾਗੂ ਕਰਵਾਉਣ ਲਈ 4,336 ਵਲੰਟੀਅਰ ਨਾਲ ਜੋੜੇ

0
7094

ਫਤਿਹਗੜ੍ਹ ਸਾਹਿਬ . ਪੰਜਾਬ ਪੁਲਿਸ ਨੇ ਆਪਣੀ ਕਾਰਜ ਪ੍ਰਣਾਲੀ ਨੂੰ ਅੱਗੇ ਵਧਾਉਂਦਿਆਂ ਅਤੇ ਕੋਵਿਡ -19 ਸਬੰਧੀ ਰਾਹਤ ਕਾਰਜਾਂ ਦੀ ਪ੍ਰਭਾਵੀ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਡਾਇਲ 112 ਵਰਕਰ ਫੋਰਸ ਵਿਚ ਵਲੰਟੀਅਰਾਂ ਨੂੰ ਸ਼ਾਮਲ ਕੀਤਾ ਹੈ। ਇਹ ਵਲੰਟੀਅਰ ਜਮੀਨੀ ਪੱਧਰ ਤੇ ਕੰਮ ਕਰ ਰਹੀ 40,000 ਤੋਂ ਵੱਧ ਪੁਲਿਸ ਫੋਰਸ ਦੀ ਸਹਾਇਤਾ ਕਰਨਗੇ।

ਹੁਣ ਤੱਕ 10 ਜ਼ਿਲ੍ਹਿਆ ਵਿੱਚ ਇੱਕ ਪਾਇਲਟ ਅਧਾਰ ਤੇ ਸ਼ੁਰੂ ਕੀਤੀ ਗਈ ਇਸ ਸਕੀਮ ਤਹਿਤ ਪਹਿਲਾਂ ਹੀ 4336 ਵਲੰਟੀਅਰਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ ਤਾਂ ਜੋ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਹੋਰ ਰਾਹਤ ਕਾਰਜਾਂ ਨੂੰ ਜ਼ਮੀਨੀ ਪੱਧਰ ਤੇ ਲਾਗ ਕਰਵਾਉਣ ਵਿਚ ਇਹ ਵਲੰਟੀਅਰ ਪੰਜਾਬ ਪੁਲਿਸ ਦੀ ਸਹਾਇਤਾ ਕਰ ਸਕਣ। ਹੁਣ ਤੱਕ ਕਵਰ ਕੀਤੇ ਜ਼ਿਲ੍ਹਿਆ ਵਿਚ ਅੰਮ੍ਰਿਤਸਰ ਸਿਟੀ (270), ਅੰਮ੍ਰਿਤਸਰ ਦਿਹਾਤੀ (83), ਬਠਿੰਡਾ (370), ਫਾਜਲਿਕਾ (343), ਫਿਰੋਜ਼ਪੁਰ (239), ਜਲੰਧਰ ਸ਼ਹਿਰ (267), ਲੁਧਿਆਣਾ ਸਿਟੀ (1602), ਲੁਧਿਆਣਾ ਦਿਹਾਤੀ (388), ਐਸ.ਏ.ਐਸ.ਨਗਰ (272) ਅਤੇ ਪਟਿਆਲਾ (502). ਸ਼ਾਮਲ ਹਨ।

ਡੀਜੀਪੀ ਨੇ ਸੋਸ਼ਲ ਮੀਡੀਆਂ ‘ਤੇ ਕੀਤੀ ਸੀ ਵਲੰਟੀਅਰਜ਼ ਨੂੰ ਅਪੀਲ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਵਲੰਟੀਅਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਔਖੇ ਸਮੇਂ ਵਿੱਚ ਪੁਲਿਸ ਦੇ ਯਤਨਾਂ ਵਿੱਚ ਸ਼ਾਮਲ ਹੋਣ। ਉਨਾਂ ਦੱਸਿਆ ਇਸਦਾ ਬਹੁਤ ਭਰਵਾਂ ਹੁੰਗਾਰਾ ਪ੍ਰਾਪਤ ਹੋਇਆ ।

ਇਹ ਡਾਇਲ 112 ਵਲੰਟੀਅਰ, ਪੁਲਿਸ ਨੂੰ ਰਾਸ਼ਨ ਪੈਕਟ ਤਿਆਰ ਕਰਨਾ ਅਤੇ ਉਨ੍ਹਾਂ  ਦੀ ਵੰਡ, ਟ੍ਰੈਫਿਕ ਨਿਯੰਤਰਣ ਅਤੇ ਕਰਫਿਊ ਲਾਗੂ ਕਰਨਾ, ਐਮਰਜੈਂਸੀ ਡਾਕਟਰੀ ਸਹਾਇਤਾ / ਦਵਾਈਆਂ ਮੁਹੱਈਆ ਕਰਵਾਉਣਾ, ਸੈਨੇਟਰੀ ਪੈਡਾਂ ਦੀ ਵੰਡ, ਅਤੇ ਡਿਊਟੀ ਤੇ ਤਾਇਨਾਤ ਪੁਲਿਸ ਕਰਮੀਆਂ ਲਈ ਖਾਣੇ ਦੇ ਪੈਕੇਟ ਵੰਡਣ ਸਮੇਤ ਕਈ ਕੰਮਾਂ ਵਿੱਚ ਸਹਾਇਤਾ ਕਰ ਰਹੇ ਹਨ।

ਪੰਜਾਬ ਪੁਲਿਸ ਨੇ ਵਲੰਟੀਅਰਾਂ ਨੂੰ ਭਰਤੀ ਕਰਨ ਦਾ ਫੈਸਲਾ ਇਸ ਲਈ ਕੀਤਾ ਕਿਉਂਕਿ ਡਾਇਲ 112 ਐਮਰਜੈਂਸੀ ਰਿਸਪਾਂਸ ਸਰਵਿਸ (ਈਆਰਐਸ) ਤੇ ਪ੍ਰਾਪਤ ਹੋ ਰਹੀਆਂ ਕਾਲਾਂ ਦੀ ਗਿਣਤੀ, ਜੋ ਕਿ ਕਰਫਿਊ ਹੈਲਪਲਾਈਨ ਵਿੱਚ ਤਬਦੀਲ ਕਰ ਦਿੱਤੀ ਗਈ ਸੀ, ਹਾਲ ਹੀ ਦੇ ਦਿਨਾਂ ਵਿੱਚ 24,000(ਪ੍ਰਤੀ ਦਿਨ ) ਦੇ ਨੇੜੇ ਜਾ ਪਹੁੰਚੀ ਸੀ ਅਤੇ ਇਹ ਇੱਕ ਅਸਾਧਾਰਨ ਵਾਧਾ ਸੀ। ਡੀਜੀਪੀ ਨੇ ਕਿਹਾ ਕਿ ਇਸ ਅਸਾਧਾਰਨ ਮੰਗ ਨੂੰ ਪੂਰਾ ਕਰਨ ਲਈ ਹੈਲਪਲਾਈਨ ਰਿਸਪਾਂਸ ਸਮਰੱਥਾ ਪਹਿਲਾਂ ਹੀ ਦੁੱਗਣੀ ਕਰ ਦਿੱਤੀ ਗਈ ਹੈ।

ਪ੍ਰਾਪਤ ਹੋਈਆਂ ਕਾਲਾਂ ਤੁਰੰਤ ਹੱਲ ਕਰਨ ਲਈ 112 ਜ਼ਿਲ੍ਹਾ ਕੰਟਰੋਲ ਰੂਮਾਂ ਨੂੰ ਭੇਜੀਆਂ ਜਾਂਦੀਆਂ ਹਨ। ਫੀਲਡ ਵਿਚ ਮੌਜੂਦ ਪੁਲਿਸ ਫੋਰਸ ਦਾ ਕੰਮ ਸਾਰੀਆਂ ਜਨਤਕ ਜ਼ਰੂਰਤਾਂ ਦਾ ਹੱਲ ਕਰਨਾ ਅਤੇ ਸਾਰੀਆਂ ਸ਼ਿਕਾਇਤਾਂ ਦਾ ਨਿਵਾਰਨ ਕਰਨਾ ਹੈ। ਗੁਪਤਾ ਨੇ ਅੱਗੇ ਕਿਹਾ ਕਿ ਗਰਾਊਂਡ ਫੋਰਸ ਤੇ ਵੱਧ ਰਹੇ ਦਬਾਅ ਦੇ ਮੱਦੇਨਜ਼ਰ ਵਲੰਟੀਅਰਾਂ ਦੀਆਂ ਸੇਵਾਵਾਂ ਲੈਣ ਦਾ ਫੈਸਲਾ ਕੀਤਾ ਗਿਆ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।