ਪੰਜਾਬ ਪੁਲਿਸ ਨੇ ਕਰਤਾਰਪੁਰ ਤੋਂ 55 ਕਿਲੋ ਅਫੀਮ ਕੀਤੀ ਬਰਾਮਦ, ਇਕ ਗ੍ਰਿਫ਼ਤਾਰ

0
248

ਚੰਡੀਗੜ੍ਹ/ਜਲੰਧਰ | ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਹੋਰ ਤੇਜੀ ਲਿਆਉਂਦਿਆਂ, ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਜਲੰਧਰ ਦੇ ਕਰਤਾਰਪੁਰ ਨੇੜੇ ਵਿਸ਼ੇਸ਼ ਚੈਕਿੰਗ ਦੌਰਾਨ 55 ਕਿਲੋ ਅਫੀਮ ਬਰਾਮਦ ਕੀਤੀ ਅਤੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ।

ਗ੍ਰਿਫਤਾਰ ਕੀਤੇ ਤਸਕਰ ਦੀ ਪਛਾਣ ਯੁੱਧਵੀਰ ਸਿੰਘ ਉਰਫ ਯੋਧਾ ਵਾਸੀ ਪਿੰਡ ਦੇਵੀਦਾਸਪੁਰ, ਜੰਡਿਆਲਾ ਗੁਰੂ, ਅੰਮ੍ਰਿਤਸਰ ਵਜੋਂ ਹੋਈ ਹੈ। ਭਗੌੜਾ ਹੋਇਆ ਯੁੱਧਵੀਰ ਐਨਡੀਪੀਐਸ ਦੇ ਵੱਖ-ਵੱਖ ਮਾਮਲਿਆਂ ਵਿੱਚ ਲੋੜੀਂਦਾ ਸੀ। ਪੁਲਿਸ ਨੇ ਦੋਸ਼ੀ ਕੋਲੋਂ ਰਜਿਸਟ੍ਰੇਸਨ ਨੰਬਰ ਯੂਪੀ 14 ਈਯੂ 8399 ਵਾਲੀ ਇੱਕ ਟੋਇਟਾ ਅਰਬਨ ਕਰੂਜਰ ਕਾਰ ਵੀ ਬਰਾਮਦ ਕੀਤੀ ਹੈ।

ਡੀਜੀਪੀ ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਜਲੰਧਰ ਦਿਹਾਤੀ ਪੁਲਿਸ ਦੇ ਸੀ.ਆਈ.ਏ. ਵਿੰਗ ਵੱਲੋਂ ਕਰਤਾਰਪੁਰ-ਕਿਸ਼ਨਪੁਰਾ ਰੋਡ ‘ਤੇ ਨਾਕਾ ਲਗਾਇਆ ਸੀ।

ਉਨਾਂ ਦੱਸਿਆ ਕਿ ਚੈਕਿੰਗ ਦੌਰਾਨ ਪੁਲਿਸ ਟੀਮ ਨੇ ਯੁੱਧਵੀਰ ਵੱਲੋਂ ਚਲਾਈ ਜਾ ਰਹੀ ਅਰਬਨ ਕਰੂਜਰ ਕਾਰ ਨੂੰ ਰੋਕਿਆ ਅਤੇ 55 ਕਿਲੋ ਅਫੀਮ ਬਰਾਮਦ ਕੀਤੀ। ਹਾਲਾਂਕਿ, ਯੁੱਧਵੀਰ ਦਾ ਸਾਥੀ ਪਲਵਿੰਦਰ ਸਿੰਘ ਉਰਫ ਸੰਨੀ ਵਾਸੀ ਅੰਮ੍ਰਿਤਸਰ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ।

ਡੀਜੀਪੀ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਦੌਰਾਨ ਯੁੱਧਵੀਰ ਨੇ ਖੁਲਾਸਾ ਕੀਤਾ ਕਿ ਉਸ ਨੂੰ ਇਹ ਖੇਪ ਪੇਸ਼ੇਵਰ ਨਸ਼ਾ ਤਸਕਰ ਨਵਪ੍ਰੀਤ ਸਿੰਘ ਉਰਫ ਨਵ ਵਾਸੀ ਪਿੰਡ ਵਜੀਰ ਭੁੱਲਰ (ਬਿਆਸ) ਮੌਜੂਦਾ ਸਮੇਂ ਦੌਰਾਨ ਵਿਦੇਸ਼ ਵਿੱਚ ਰਹਿ ਰਹੇ , ਰਾਹੀਂ ਪ੍ਰਾਪਤ ਹੋਈ। ਯੁੱਧਵੀਰ ਨੇ ਕਬੂਲਿਆ  ਕਿ ਨਵ ਵਿਦੇਸ਼ ‘ਚ ਬੈਠ ਕੇ ਆਪਣੇ ਸਾਥੀਆਂ ਰਾਹੀਂ ਪੰਜਾਬ ‘ਚ ਅਫੀਮ ਅਤੇ ਹੈਰੋਇਨ ਦੀ ਵੱਡੇ ਪੱਧਰ ‘ਤੇ ਸਪਲਾਈ ਕਰਦਾ ਹੈ।

ਜਿਕਰਯੋਗ ਹੈ ਕਿ ਨਵ ਉੱਤੇ ਐਨਡੀਪੀਐਸ ਐਕਟ ਤਹਿਤ ਵੱਖ-ਵੱਖ ਅਪਰਾਧਿਕ ਮਾਮਲੇ ਆਇਦ ਹਨ ਅਤੇ ਉਹ ਫਿਲੌਰ ਦੇ ਚਿੰਟੂ ਕਤਲ ਕੇਸ ਵਿੱਚ ਵੀ ਲੋੜੀਂਦਾ ਹੈ। ਹਾਲ ਹੀ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਬਰਾਮਦ ਕੀਤੀ ਗਈ 300 ਕਿਲੋ ਹੈਰੋਇਨ ਦੀ ਖੇਪ ਵਿੱਚ ਨਵ ਦਾ ਨਾਂ ਵੀ ਸਾਹਮਣੇ ਆਇਆ ਸੀ।

ਐਸ.ਐਸ.ਪੀ. ਜਲੰਧਰ (ਦਿਹਾਤੀ) ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਹੋਰ ਬਰਾਮਦਗੀ ਅਤੇ ਗ੍ਰਿਫਤਾਰੀ ਹੋਣ ਦੀ ਆਸ ਹੈ।

ਦੱਸਣਯੋਗ ਹੈ ਕਿ ਇਸ ਸਬੰਧੀ ਐਫ.ਆਈ.ਆਰ ਨੰ. 176 ਮਿਤੀ 9 ਨਵੰਬਰ, 2021 ਨੂੰ ਥਾਣਾ ਕਰਤਾਰਪੁਰ ਵਿਖੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 18ਸੀ/61/85 ਤਹਿਤ ਦਰਜ ਕੀਤਾ ਗਿਆ ਹੈ।