ਚੰਡੀਗੜ੍ਹ. ਪੰਜਾਬ ਪੁਲਿਸ ਨੇ ਐਤਵਾਰ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਤਕਰੀਬਨ 1300 ਕਿਲੋਮੀਟਰ ਪਿੱਛਾ ਕਰਨ ਪਿੱਛੋਂ ਸਿ਼ਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਨੂੰ ਔਰਤਾਂ ਖ਼ਿਲਾਫ਼ ਨਿੰਦਣਯੋਗ ਸ਼ਬਦਾਵਲੀ ਵਾਲਾ ਵੀਡੀਓ ਵਾਇਰਲ ਕਰਨ ਅਤੇ ਫਿਰਕੂ ਨਫ਼ਰਤ ਭੜਕਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਐਤਵਾਰ ਦੀ ਸਵੇਰ ਪੰਜਾਬ ਪੁਲਿਸ ਅੰਮ੍ਰਿਤਸਰ (ਦਿਹਾਤੀ) ਦੀਆਂ 11 ਜਵਾਨਾਂ ਵਾਲੀਆਂ ਦੋ ਟੀਮਾਂ ਨੇ ਸੂਰੀ ਨੂੰ ਕਾਬੂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਔਰਤਾਂ ਵਿਰੁੱਧ ਕਥਿਤ ਅਪਮਾਨਜਨਕ ਟਿੱਪਣੀਆਂ ਵਾਲਾ ਇੱਕ ਵੀਡੀਓ ਜਾਰੀ ਹੋਣ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਲਈ ਇੱਕ ਮੁਹਿੰਮ ਚਲਾਈ ਗਈ ਸੀ। ਜਿਸਦੇ ਬਾਅਦ ਇੱਕ ਫੇਸਬੁੱਕ ਵੀਡੀਓ ਰਾਹੀਂ ਸੂਰੀ ਨੇ ਬਾਅਦ ਵਿੱਚ ਦਾਅਵਾ ਕੀਤਾ ਸੀ ਕਿ ਉਕਤ ਇਤਰਾਜ਼ਯੋਗ ਵੀਡੀਓ ਕਲਿੱਪ ਉਸ ਦੇ ਨਾਮ ਦੀ ਵਰਤੋਂ ਕਰਕੇ ਕਿਸੇ ਹੋਰ ਵਿਅਕਤੀ ਦੁਆਰਾ ਵਾਇਸਓਵਰ ਕੀਤਾ ਗਿਆ ਹੈ।
ਡੀਜੀਪੀ ਨੇ ਦੱਸਿਆ ਕਿ 8 ਜੁਲਾਈ ਨੂੰ ਪਹਿਲੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅਤੇ ਭਾਰਤ ਅਤੇ ਵਿਦੇਸ਼ ਦੋਵਾਂ ਵਿੱਚ ਭਾਰੀ ਅਲੋਚਨਾ ਹੋਣ ਤੋਂ ਬਾਅਦ ਜੰਡਿਆਲਾ ਪੁਲਿਸ, ਅੰਮ੍ਰਿਤਸਰ (ਦਿਹਾਤੀ) ਨੇ ਸੂਰੀ ਵਿਰੁੱਧ ਅਪਰਾਧਿਕ ਕੇਸ ਐਫਆਈਆਰ ਨੰ. 208, ਆਈ ਪੀ ਸੀ ਦੀ ਧਾਰਾ 153-ਏ, 354 ਏ, 509 ਅਤੇ 67 ਆਈ ਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਡੀਜੀਪੀ ਨੇ ਕਿਹਾ ਕਿ ਸੂਰੀ ਵੱਲੋਂ ਉਕਤ ਇਤਰਾਜ਼ਯੋਗ ਵੀਡੀਓ ਕਲਿੱਪ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਦੇ ਬਾਵਜੂਦ ਉਨ੍ਹਾਂ ਨੇ ਅੰਮ੍ਰਿਤਸਰ (ਦਿਹਾਤੀ) ਪੁਲਿਸ ਰਾਹੀਂ ਸ਼ੱਕੀ ਵਿਅਕਤੀ ਦੇ ਖਿਲਾਫ ਵੱਡੇ ਪੱਧਰ `ਤੇ ਕਾਰਵਾਈ ਦੇ ਆਦੇਸ਼ ਦਿੱਤੇ ।
ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਫੌਰੈਂਸਿਕ ਸਾਇੰਸ ਲੈਬਾਰਟਰੀ ਪਾਸੋਂ ਜਲਦੀ ਤੋਂ ਜਲਦੀ ਕਲਿੱਪ ਦੀ ਜਾਂਚ ਕਰਵਾਈ ਜਾਵੇ। ਇਸ ਤੋਂ ਬਾਅਦ ਦੀ ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫਤਾਰੀ ਦੇ ਡਰੋਂ ਸੂਰੀ ਇੰਦੌਰ ਭੱਜ ਗਿਆ ਸੀ। ਡੀਜੀਪੀ ਨੇ ਦੱਸਿਆ ਕਿ ਇਹ ਆਪ੍ਰੇਸ਼ਨ ਮੱਧ ਪ੍ਰਦੇਸ਼ ਪੁਲਿਸ ਦੇ ਤਾਲਮੇਲ ਨਾਲ ਸਫਲਤਾਪੂਰਵਕ ਚਲਾਇਆ ਗਿਆ ਸੀ।
ਡੀਜੀਪੀ ਨੇ ਕਿਹਾ ਕਿ ਉਸਨੇ ਦੋ ਪੁਲਿਸ ਟੀਮਾਂ ਨੂੰ ਇੰਦੌਰ ਭੇਜਣ ਸਮੇਂ ਮੱਧ ਪ੍ਰਦੇਸ਼ ਵਿਚ ਆਪਣੇ ਹਮਰੁਤਬਾ ਅਧਿਕਾਰੀ ਵਿਵੇਕ ਜੋਹਰੀ ਨਾਲ ਨਿੱਜੀ ਤੌਰ `ਤੇ ਗੱਲ ਕੀਤੀ ਸੀ। 1 ਡੀਐਸਪੀ (ਔਰਤਾਂ ਵਿਰੁੱਧ ਅਪਰਾਧ) ਹਰੀਸ਼ ਬਹਿਲ, 2 ਐਸ.ਆਈ, 3 ਏ.ਐਸ.ਆਈ ਅਤੇ 5 ਕਾਂਸਟੇਬਲਾਂ ਵਾਲੀਆਂ ਟੀਮਾਂ ਨੇ ਇੰਦੌਰ ਪਹੁੰਚਣ ਲਈ 21 ਘੰਟਿਆਂ ਲਈ ਬਿਨਾਂ ਲਗਾਤਾਰ ਸਫਰ ਕਰਨ ਪਿੱਛੋਂ ਸੂਰੀ ਨੂੰ ਦਬੋਚਿਆ।
ਪੰਜਾਬ ਪੁਲਿਸ ਹੁਣ ਜ਼ਮਾਨਤ ਰੱਦ ਕਰਨ ਸਬੰਧੀ ਅਰਜ਼ੀਆਂ ਲਈ ਸਬੰਧਤ ਨਿਆਂਇਕ ਅਦਾਲਤਾਂ ਵਿਚ ਜਾ ਰਹੀ ਹੈ ਜਿਥੇ ਸੂਰੀ ਨੂੰ ਪਹਿਲਾਂ ਹੀ ਜ਼ਮਾਨਤ ਦਿੱਤੀ ਜਾ ਚੁੱਕੀ ਹੈ।
ਡੀਜੀਪੀ ਨੇ ਆਪਣੇ ਭਾਸ਼ਣਾਂ, ਬਿਆਨਾਂ, ਲੇਖਾਂ, ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਪੋਸਟਾਂ ਆਦਿ ਜ਼ਰੀਏ ਕਿਸੇ ਵੀ ਵਿਅਕਤੀ ਜਾਂ ਸੰਸਥਾਵਾਂ ਵਿਰੁੱਧ ਫਿਰਕੂ ਨਫ਼ਰਤ ਭੜਕਾਉਣ ਦੀ ਕੋਸ਼ਿਸ਼ ਵਿਰੁੱਧ ਪੁਲਿਸ ਦੀ ਨਾ ਬਰਦਾਸ਼ਤ ਕਰਨਯੋਗ ਵਤੀਰਾ ਅਖ਼ਤਿਆਰ ਕਰਨ ਵਾਲੀ ਨੀਤੀ ਉੱਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਔਰਤਾਂ ਦੇ ਮਾਣ, ਸੁਰੱਖਿਆ ਪ੍ਰਤੀ ਅਤਿ ਸੰਵੇਦਨਸ਼ੀਲ ਹੈ ਅਤੇ ਔਰਤ ਦੇ ਕਿਰਦਾਰ ’ਤੇ ਚਿੱਕੜ ਸੁੱਟਣ ਦੀ ਕੋਸਿ਼ਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।