ਪੰਜਾਬ ਕਿਡਨੀ ਕਾਂਡ ‘ਚ ਐਸਆਈਟੀ ਨੇ ਕੀਤਾ ਖੁਲਾਸਾ, 3 ਹੋਰ ਫਰਜ਼ੀ ਮਾਮਲੇ ਆਏ ਸਾਹਮਣੇ

0
265

ਚੰਡੀਗੜ੍ਹ | ਇੰਡਸ ਇੰਟਰਨੈਸ਼ਨਲ ਹਸਪਤਾਲ ਦੇ ਕਿਡਨੀ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਐਸਆਈਟੀ ਦੀ ਜਾਂਚ ‘ਚ ਤਿੰਨ ਹੋਰ ਫਰਜ਼ੀ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਚਾਰ ਫਰਜ਼ੀ ਮਾਮਲੇ ਸਾਹਮਣੇ ਆਏ ਸਨ। ਤਿੰਨ ਹੋਰ ਮਾਮਲੇ ਆਉਣ ਤੋਂ ਬਾਅਦ ਹੁਣ ਤੱਕ ਸੱਤ ਮਾਮਲੇ ਸਾਹਮਣੇ ਆ ਚੁੱਕੇ ਹਨ।

ਪਿਛਲੇ ਤਿੰਨ ਸਾਲਾਂ ‘ਚ ਹਸਪਤਾਲ ਨੇ 35 ਕਿਡਨੀ ਟ੍ਰਾਂਸਪਲਾਂਟ ਕੀਤੇ ਹਨ। ਇਨ੍ਹਾਂ ਵਿੱਚੋਂ ਸਿਰਫ਼ ਦੋ ਕੇਸ ਹੀ ਇੱਕ ਦੂਜੇ ਨਾਲ ਸਬੰਧਤ ਨਹੀਂ ਸਨ, ਜਿਨ੍ਹਾਂ ‘ਚ ਕੇਂਦਰੀ ਕਮੇਟੀ ਤੋਂ ਪ੍ਰਵਾਨਗੀ ਲਈ ਗਈ ਸੀ, ਜਦਕਿ 33 ਕੇਸਾਂ ਵਿੱਚ ਦਾਨ ਦੇਣ ਵਾਲੇ ਅਤੇ ਲੈਣ ਵਾਲੇ ਦੇ ਨਜ਼ਦੀਕੀ ਰਿਸ਼ਤੇਦਾਰ ਦੱਸੇ ਗਏ ਸਨ। ਇਸ ‘ਚ ਮਰੀਜ਼ ਅਤੇ ਦਾਨੀ ਦੀ ਉਮਰ ਦੇ ਹਿਸਾਬ ਨਾਲ ਕਦੇ ਲੜਕਾ ਜਾਂ ਕਦੇ ਭਰਾ ਜਾਂ ਕੋਈ ਹੋਰ ਰਿਸ਼ਤੇਦਾਰ ਦਿਖਾਇਆ ਗਿਆ।

ਨਿਯਮਾਂ ਅਨੁਸਾਰ ਕਿਸੇ ਵੀ ਲੋੜਵੰਦ ਮਰੀਜ਼ ਨੂੰ ਸਿਰਫ਼ ਰਿਸ਼ਤੇਦਾਰ ਹੀ ਗੁਰਦਾ ਦੇ ਸਕਦੇ ਹਨ, ਜਿਸ ਲਈ ਕਿਸੇ ਵੀ ਹਸਪਤਾਲ ਤੋਂ ਬਾਹਰੀ ਮਨਜ਼ੂਰੀ ਦੀ ਲੋੜ ਨਹੀਂ ਹੈ, ਜਿਸ ਦੀ ਮਨਜ਼ੂਰੀ ਹਸਪਤਾਲ ਵੱਲੋਂ ਗਠਿਤ ਕਮੇਟੀ ਤੋਂ ਹੀ ਦਿੱਤੀ ਜਾ ਸਕਦੀ ਹੈ। ਬਸ਼ਰਤੇ ਕਿ ਹਸਪਤਾਲ ਦੀ ਕਮੇਟੀ ਯਕੀਨੀ ਤੌਰ ‘ਤੇ ਜਾਂਚ ਕਰੇਗੀ ਕਿ ਲੋੜਵੰਦ ਮਰੀਜ਼ ਨੂੰ ਗੁਰਦਾ ਦਾਨ ਕਰਨ ਵਾਲਾ ਉਸ ਦਾ ਰਿਸ਼ਤੇਦਾਰ ਹੈ, ਇਸ ਲਈ ਕੁਝ ਦਸਤਾਵੇਜ਼ ਵੀ ਜ਼ਰੂਰੀ ਕੀਤੇ ਗਏ ਹਨ।

ਸਿਸਟਮ ਦੀ ਇਸ ਕਮਜ਼ੋਰੀ ਦਾ ਫਾਇਦਾ ਉਠਾਉਂਦੇ ਹੋਏ ਹਸਪਤਾਲ ਗਰੀਬਾਂ ਨੂੰ ਪੈਸੇ ਦਾ ਲਾਲਚ ਦੇ ਕੇ ਲੱਖਾਂ ਰੁਪਏ ਦੇ ਗੁਰਦੇ ਵੇਚ ਰਿਹਾ ਸੀ। ਹਸਪਤਾਲ ‘ਚ ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਸਿਰਸਾ ਦੇ 28 ਸਾਲਾ ਨੌਜਵਾਨ ਕਪਿਲ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਸ ਦੀ ਕਿਡਨੀ ਕੱਢ ਕੇ ਲੱਖਾਂ ਰੁਪਏ ‘ਚ ਵੇਚ ਦਿੱਤੀ ਗਈ। ਮਾਮਲੇ ਦੇ ਭੱਖਣ ਤੋਂ ਬਾਅਦ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਹਸਪਤਾਲ ਦੇ ਕੋਆਰਡੀਨੇਟਰ ਅਭਿਸ਼ੇਕ ਅਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਰਾਮ ਨਰਾਇਣ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਗਲੇਰੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਸੀ।

ਕਿਡਨੀ ਟਰਾਂਸਪਲਾਂਟ ਦੇ 35 ਕੇਸਾਂ ਵਿੱਚੋਂ 28 ਦੀ ਜਾਂਚ ਐਸਆਈਟੀ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 7 ਕੇਸ ਫਰਜ਼ੀ ਪਾਏ ਗਏ ਹਨ, ਜਦਕਿ 7 ਕੇਸਾਂ ਦੀ ਜਾਂਚ ਪੈਂਡਿੰਗ ਹੈ। ਹੁਣ ਤੱਕ ਸਾਹਮਣੇ ਆਏ ਸੱਤ ਮਾਮਲਿਆਂ ‘ਚ ਜਲੰਧਰ, ਲੁਧਿਆਣਾ, ਕੁਰੂਕਸ਼ੇਤਰ, ਬਨੂੜ, ਮੇਰਠ, ਬਰੇਲੀ ਅਤੇ ਸਿਰਸਾ ਦੇ ਲੋਕ ਸ਼ਾਮਲ ਹਨ। ਇਸ ਦੀ ਪੁਸ਼ਟੀ ਕਰਦਿਆਂ ਐਸ.ਐਚ.ਓ ਜਸਕੰਵਲ ਸਿੰਘ ਨੇ ਦੱਸਿਆ ਕਿ ਉਕਤ ਸਾਰੇ ਮਾਮਲਿਆਂ ‘ਚ ਗੁਰਦਾ ਦਾਨ ਕਰਨ ਵਾਲੇ ਨੂੰ ਉਸ ਦਾ ਰਿਸ਼ਤੇਦਾਰ ਐਲਾਨਣ ਲਈ ਤਿਆਰ ਕੀਤੇ ਗਏ ਸਾਰੇ ਦਸਤਾਵੇਜ਼ ਜਾਅਲੀ ਸਨ। ਉਨ੍ਹਾਂ ਕਿਹਾ ਕਿ 8 ਕੇਸਾਂ ਵਿੱਚੋਂ ਕੁਝ ਹੋਰ ਫਰਜ਼ੀ ਕੇਸ ਸਾਹਮਣੇ ਆ ਸਕਦੇ ਹਨ।