CM ਭਗਵੰਤ ਮਾਨ ਦੀ ਸਰਕਾਰ ਦੇ ਯਤਨਾਂ ਸਦਕਾ ਖੇਡਾਂ ‘ਚ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਪੰਜਾਬ

0
26

ਚੰਡੀਗੜ੍ਹ | ਖੇਡਾਂ ਵਿਚ ਭਾਗ ਲੈਣਾ ਪੰਜਾਬੀਆਂ ਦਾ ਸੁਭਾਅ ਹੈ ਅਤੇ ਇਸ ਨੂੰ ਪ੍ਰਫੁੱਲਿਤ ਕਰਨ ਲਈ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤਨਦੇਹੀ ਨਾਲ ਕੰਮ ਕਰ ਰਹੀ ਹੈ। ਖੇਡਾਂ ਵਤਨ ਪੰਜਾਬ ਦੇ ਸੀਜ਼ਨ-3 ਤਹਿਤ ਚੱਲ ਰਹੇ ਬਲਾਕ ਪੱਧਰੀ ਮੁਕਾਬਲੇ ਇਸ ਦਾ ਤਾਜ਼ਾ ਸਬੂਤ ਹਨ।
ਅਜਿਹੇ ਟੂਰਨਾਮੈਂਟ ਕਰਵਾਉਣ ਦਾ ਮੁੱਖ ਮਕਸਦ ਪੰਜਾਬ ਨੂੰ ਖੇਡਾਂ ਦੇ ਮਾਮਲੇ ਵਿਚ ਮੁੜ ਨੰਬਰ 1 ਬਣਾਉਣਾ ਹੈ। ਇਹ ਉਪਰਾਲਾ ਹਰ ਸਾਲ ਵਧਦਾ ਜਾ ਰਿਹਾ ਹੈ। ਇਸ ਵਾਰ ਸਾਈਕਲਿੰਗ, ਬੇਸਬਾਲ ਅਤੇ ਤਾਈਕਵਾਂਡੋ ਦੀਆਂ ਖੇਡਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜੇਤੂਆਂ ਨੂੰ ਕੁੱਲ 9 ਕਰੋੜ ਰੁਪਏ ਦੇ ਇਨਾਮ ਵੀ ਵੰਡੇ ਜਾਣਗੇ। ਖੇਡਾਂ ਨਾਲ ਜੁੜ ਕੇ ਜਿੱਥੇ ਨੌਜਵਾਨ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿੰਦੇ ਹਨ, ਉੱਥੇ ਹੀ ਉਹ ਸਮਾਜ ਵਿੱਚ ਇੱਕ ਚੰਗੇ ਨਾਗਰਿਕ ਵਜੋਂ ਆਪਣੀ ਪਛਾਣ ਬਣਾ ਸਕਦੇ ਹਨ।

ਹਾਲ ਹੀ ਵਿਚ ਬੈਂਗਲੁਰੂ ਵਿਚ ਹੋਈ 63ਵੀਂ ਨੈਸ਼ਨਲ ਓਪਨ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਟੀਮ ਨੇ ਪਹਿਲੀ ਵਾਰ 4×400 ਮੀਟਰ ਦੀ ਮਿਕਸਡ ਰਿਲੇਅ ਦੌੜ ਵਿਚ ਸੋਨ ਤਗ਼ਮਾ ਜਿੱਤਿਆ ਹੈ। ਟੀਮ ਵਿਚ ਜਸ਼ਨਦੀਪ ਸਿੰਘ, ਜਗਮੀਤ ਸਿੰਘ, ਟਵਿੰਕਲ ਚੌਧਰੀ ਅਤੇ ਗੁਪ ਕੌਰ ਸ਼ਾਮਲ ਸਨ। ਖਿਡਾਰੀਆਂ ਨੇ ਦੱਸਿਆ ਕਿ ਪਹਿਲਾਂ ਐਥਲੈਟਿਕਸ ਟ੍ਰੈਪ ਠੀਕ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਸੱਟਾਂ ਵੀ ਲੱਗੀਆਂ ਸਨ ਪਰ ਨਵੇਂ ਸਿੰਥੈਟਿਕ ਟਰੈਕ ਕਾਰਨ ਉਨ੍ਹਾਂ ਦੀ ਤਿਆਰੀ ‘ਚ ਸੁਧਾਰ ਹੋਇਆ ਹੈ।

ਇੰਨਾ ਹੀ ਨਹੀਂ ਪੈਰਿਸ ਓਲੰਪਿਕ ਖੇਡਾਂ ਵਿਚ ਲਗਾਤਾਰ ਦੂਜੀ ਵਾਰ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਵਿਚ ਜ਼ਿਆਦਾਤਰ ਖਿਡਾਰੀ ਪੰਜਾਬ ਦੇ ਸਨ। ਪੰਜਾਬ ਸਰਕਾਰ ਨੇ ਟੀਮ ਦੇ ਹਰ ਪੰਜਾਬੀ ਖਿਡਾਰੀ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਖੇਡਾਂ ਵਿੱਚ ਚੰਗਾ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਪਹਿਲਾਂ ਵੀ ਉੱਚ ਅਹੁਦੇ ਦੇ ਕੇ ਸਨਮਾਨਿਤ ਕਰ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਵੀ ਓਲੰਪਿਕ ਖੇਡਾਂ ਤੋਂ ਪਰਤਣ ਤੋਂ ਬਾਅਦ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਉਪਰੰਤ ਪੰਜਾਬ ਵਿਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕਈ ਉਪਰਾਲੇ ਕਰਨ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ, “ਮੈਂ ਆਪਣੇ ਪਿੰਡ ਵਿਚ ਹਾਕੀ ਸਟੇਡੀਅਮ ਦੀ ਮੰਗ ਕੀਤੀ ਸੀ, ਜੋ ਕਿ ਪੂਰੀ ਹੋ ਗਈ ਹੈ। ਖੇਡਾਂ ਪ੍ਰਤੀ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਆਉਣ ਵਾਲੇ ਨੌਜਵਾਨ ਇਹ ਦੇਖ ਕੇ ਉਤਸ਼ਾਹਿਤ ਹੋ ਜਾਣਗੇ ਕਿ ਸਾਨੂੰ ਇੰਨਾ ਪਿਆਰ ਮਿਲ ਰਿਹਾ ਹੈ।”