ਪੰਜਾਬ ਹੈਰੀਟੇਜ ਫੈਸਟੀਵਲ ਦਾ ਐਲਾਨ, ਟੂਰਿਜ਼ਮ ਮੰਤਰੀ ਨੇ ‘ਰੰਗਲਾ ਪੰਜਾਬ’ ਦੀ ਕੀਤੀ ਸ਼ੁਰੂਆਤ

0
110

ਚੰਡੀਗੜ੍ਹ ਨਿਊਜ਼| ਪੰਜਾਬ ਦੇ ਟੂਰਿਜ਼ਮ ਮੰਤਰੀ ਅਨਮੋਲ ਗਗਨ ਮਾਨ ਨੇ ਸੂਬੇ ਦੇ ਵਿਰਾਸਤੀ ਮੇਲੇ ਦਾ ਐਲਾਨ ਕੀਤਾ ਹੈ। ਇਸ ਸਬੰਧੀ ਟੂਰਿਜ਼ਮ ਮੰਤਰੀ ਨੇ ਚੰਡੀਗੜ੍ਹ ਸੈਕਟਰ-17 ਸਥਿਤ ਹੋਟਲ ਸ਼ਿਵਾਲਿਕ ਵਿਊ ਵਿਖੇ ‘ਰੰਗਲਾ ਪੰਜਾਬ’ ਦੀ ਸ਼ੁਰੂਆਤ ਕੀਤੀ ਹੈ। ਇਸ ਵਿਰਾਸਤੀ ਮੇਲੇ ਦਾ ਉਦੇਸ਼ ਪੰਜਾਬ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨਾ ਹੈ।

ਪੰਜਾਬ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਹੈਰੀਟੇਜ ਫੈਸਟੀਵਲ ਤਹਿਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਕਰਵਾਏ ਜਾਣਗੇ। ਪੰਜਾਬੀ ਸੰਗੀਤ ਅਤੇ ਫਿਲਮ ਐਵਾਰਡ ਵੀ ਸ਼ੁਰੂ ਕੀਤੇ ਜਾਣਗੇ। ਇਸ ਦੇ ਨਾਲ ਹੀ ਪੰਜਾਬ ਟਰੈਵਲ ਮਾਰਟ ਅਤੇ ਪੰਜਾਬ ਟੂਰਿਜ਼ਮ ਸਮਿਟ ਵੀ ਕਰਵਾਏ ਜਾਣਗੇ। ਦੱਸਿਆ ਗਿਆ ਕਿ ਇਸ ਤਰ੍ਹਾਂ ਦੇ ਵੱਖ-ਵੱਖ ਪ੍ਰੋਗਰਾਮ ਸਾਰਾ ਸਾਲ ਆਯੋਜਿਤ ਹੁੰਦੇ ਰਹਿਣਗੇ।

ਕਪੂਰਥਲਾ ਵਿੱਚ ਹੈਰੀਟੇਜ ਫੈਸਟੀਵਲ ਮਨਾਇਆ ਜਾਵੇਗਾ, ਪਠਾਨਕੋਟ ਵਿੱਚ ਫੈਸਟੀਵਲ ਆਫ ਰਿਵਰਜ਼ ਹੋਵੇਗਾ, ਮਾਨਸਾ ਵਿੱਚ ਟਿੱਬਿਆਂ ਦਾ ਤਿਉਹਾਰ ਮਨਾਇਆ ਜਾਵੇਗਾ ਅਤੇ ਅੰਮ੍ਰਿਤਸਰ ਵਿੱਚ ਸਭ ਤੋਂ ਵੱਡਾ ਤਿਉਹਾਰ ਰੰਗਲਾ ਪੰਜਾਬ ਮਨਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਦੇ ਟੂਰਿਜ਼ਮ ਮੰਤਰੀ ਅਨਮੋਲ ਗਗਨ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕੀਤੀ ਸੀ। ਇਸ ਦੇ ਨਾਲ ਹੀ ਸੈਰ ਸਪਾਟਾ ਮੰਤਰੀ ਨੇ ਸੀਐਮ ਨੂੰ ਹੈਰੀਟੇਜ ਫੈਸਟੀਵਲ ਨਾਲ ਸਬੰਧਤ ਫਾਰਮੈਟ ਵੀ ਦਿਖਾਇਆ।

ਪੰਜਾਬ ਵਿੱਚ ਸੈਰ ਸਪਾਟੇ ਨੂੰ ਨਵੀਂ ਪਛਾਣ ਦੇਣ ਅਤੇ ਪੰਜਾਬੀ ਸੱਭਿਆਚਾਰ ਨੂੰ ਵਿਸ਼ਵ ਭਰ ਵਿੱਚ ਪ੍ਰਫੁੱਲਤ ਕਰਨ ਲਈ ਸੂਬਾ ਸਰਕਾਰ ਇਸ ਵਿਰਾਸਤੀ ਮੇਲੇ ਦਾ ਆਯੋਜਨ ਕਰਨ ਜਾ ਰਹੀ ਹੈ।