ਲੋੜਵੰਦ ਔਰਤਾਂ ਲਈ ਵਰਦਾਨ ਸਾਬਿਤ ਹੋ ਰਹੇ ਨੇ ਪੰਜਾਬ ਸਰਕਾਰ ਦੇ ‘ਸਖੀ ਵਨ ਸਟਾਪ ਸੈਂਟਰ’, ਹੁਣ ਤੱਕ 11 ਹਜ਼ਾਰ ਤੋਂ ਵਧ ਨੇ ਲਿਆ ਲਾਭ

0
387

ਚੰਡੀਗੜ੍ਹ| ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਔਰਤਾਂ ਤੇ ਲੜਕੀਆਂ ਦੀ ਭਲਾਈ ਲਈ ਚਲਾਈਆ ਜਾ ਰਹੀਆਂ ਯੋਜਨਾਵਾਂ ਵਿਚ ਸਖੀ ਵਨ ਸਟਾਪ  ਸੈਂਟਰ ਇੱਕ ਬਿਹਤਰੀਨ ਉਪਰਾਲਾ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੂਬੇ ਦੇ ਸਖੀ ਵਨ ਸਟਾਪ ਸੈਟਰਾਂ ਵਿੱਚ  11,500 ਲੋੜਵੰਦ ਔਰਤਾਂ ਅਤੇ ਲੜਕੀਆਂ ਨੂੰ ਮੁਫ਼ਤ ਕਾਨੂੰਨੀ, ਮੈਡੀਕਲ, ਪੁਲਿਸ ਤੇ ਮਨੋਵਿਗਿਆਨਕ ਕਾਉਂਸਲਿੰਗ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ।

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਵਨ ਸਟਾਪ ਸੈਂਟਰ ਸਕੀਮ ਅਧੀਨ ਪੰਜਾਬ ਦੇ ਹਰ ਜਿਲ੍ਹੇ ਵਿਚ ਇੱਕ ਵਨ ਸਟਾਪ ਸੈਂਟਰ ਖੋਲਿਆ ਗਿਆ ਹੈ। ਜਿਥੇ ਕਿਸੇ ਵੀ ਤਰਾਂ ਦੀ ਹਿੰਸਾ ਨਾਲ ਪੀੜਤ ਔਰਤਾਂ ਨੂੰ ਅਪਾਤਕਾਲੀਨ ਸਮੇਂ ਵਿਚ ਇੱਕ ਹੀ ਛੱਤ ਥੱਲੇ ਵੱਖ-ਵੱਖ ਤਰ੍ਹਾਂ ਦੀ ਮੁਫਤ ਸੇਵਾਵਾਂ ਜਿਵੇਂ ਕਿ ਡਾਕਟਰੀ ਸਹਾਇਤਾ, ਪੁਲਿਸ ਸਹਾਇਤਾ, ਕਾਨੂੰਨੀ ਸਹਾਇਤਾ, ਮਨੋਵਿਗਿਆਨਿਕ ਅਤੇ ਕਾਉਂਸਲਿੰਗ ਆਦਿ ਦੀ ਸਹਾਇਤਾ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਮਹਿਲਾਵਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ ਅਤੇ ਹੁਣ ਤੱਕ ਸੂਬੇ ਦੇ ਸੈਟਰਾਂ ਵਿੱਚ  11,500 ਲੋੜਵੰਦ ਔਰਤਾਂ ਅਤੇ ਲੜਕੀਆਂ ਨੂੰ ਮੁਫ਼ਤ ਕਾਨੂੰਨੀ, ਮੈਡੀਕਲ, ਪੁਲਿਸ ਤੇ ਮਨੋਵਿਗਿਆਨਕ ਕਾਉਂਸਲਿੰਗ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਨ ਸਟਾਪ ਸੈਂਟਰ ਹਿੰਸਾ, ਸ਼ੋਸ਼ਣ ਜਾਂ ਕਿਸੇ ਵੀ ਹੋਰ ਸਮੱਸਿਆ ਨਾਲ ਪ੍ਰਭਾਵਿਤ ਮਹਿਲਾਵਾਂ ਨੂੰ ਇਕੱਠੀਆਂ ਸੇਵਾਵਾਂ ਇੱਕ ਛੱਤ ਹੇਠ ਮੁਹੱਈਆ ਕਰਦਾ ਹੈ।

 ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕਿਹਾ ਕਿ ਸੈਂਟਰ ਵਿਚ ਸਹਾਇਤਾ ਪ੍ਰਾਪਤ ਕਰਨ ਵਾਲੀਆਂ ਔਰਤਾਂ ਅਤੇ ਲੜਕੀਆਂ ਦੀ ਕਾਉਂਸਲਿੰਗ ਕਰਕੇ ਉਨ੍ਹਾਂ ਦੇ ਪੁਨਰਵਾਸ ਲਈ ਵੀ ਉਪਰਾਲੇ ਕੀਤੇ ਜਾਂਦੇ ਹਨ। ਸਖੀ ਵਨ ਸਟਾਪ ਸੈਂਟਰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਸਿਵਲ ਹਸਪਤਾਲਾਂ ਵਿੱਚ ਚੱਲ ਰਹੇ ਹਨ। ਡਾ.ਬਲਜੀਤ ਕੌਰ ਨੇ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਮਹਿਲਾ ਵਰਗ ਦੀ ਹਰ ਤਰ੍ਹਾਂ ਨਾਲ ਸੁਰੱਖਿਆ ਕਰਨਾ ਹੈ। ਕੋਈ ਵੀ ਲੋੜਵੰਦ ਔਰਤ ਜਾਂ ਲੜਕੀ ਆਪਣੀ ਸਮੱਸਿਆ ਦੱਸਣ ਲਈ ਜ਼ਿਲ੍ਹਾ ਦਫ਼ਤਰਾਂ ਦੇ ਫੋਨ ਨੰਬਰਾਂ ਤੇ ਸੰਪਰਕ ਕਰ ਸਕਦੀ ਹੈ।