ਪੰਜਾਬ ਦੇ ਵਿਕਾਸ ਨੂੰ ਤੇਜ਼ ਕਰਨ ਲਈ ਪ੍ਰੇਰਕ ਦਾ ਕੰਮ ਕਰਨਗੀਆਂ ਪੰਜਾਬ ਸਰਕਾਰ ਦੀਆਂ ਲੋਕ ਮਿਲਣੀਆਂ

0
109

ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਲੋਕ ਮਿਲਣੀ ਰਾਹੀਂ ਵੱਖ—ਵੱਖ ਵਿਧਾਨ ਸਭਾ ਹਲਕਿਆਂ ਦੇ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਧੀਰਜ ਨਾਲ ਸੁਣਿਆ। ਮੁਫ਼ਤ ਬਿਜਲੀ ਅਤੇ ਵੱਡੇ ਪੱਧਰ ਉੱਤੇ ਰੋਜ਼ਗਾਰ ਤੋਂ ਲੈ ਕੇ ਸਿਹਤ ਸੰਭਾਲ ਅਤੇ ਸਿੱਖਿਆ ਸੁਧਾਰਾਂ ਤੱਕ ਨਿਰੰਤਰ ਲੋਕ—ਪੱਖੀ ਪਹਿਲਕਦਮੀਆਂ ਆਮ ਪਰਿਵਾਰਾਂ ਉੱਤੇ ਬੋਝ ਨੂੰ ਲਗਾਤਾਰ ਘਟਾ ਰਹੀਆਂ ਹਨ ਅਤੇ ਪੰਜਾਬ ਨੂੰ ਦੇਸ਼ ਵਿੱਚ ਮੋਹਰੀ ਸੂਬੇ ਵਜੋਂ ਆਪਣੀ ਸਥਿਤੀ ਮੁੜ ਪ੍ਰਾਪਤ ਕਰਨ ਦੇ ਰਾਹ ਉੱਪਰ ਮਜ਼ਬੂਤੀ ਨਾਲ ਅੱਗੇ ਵਧਾ ਰਹੀਆਂ ਹਨ। ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕ ਮਿਲਣੀਆਂ ਸ਼ਾਸਨ ਦਾ ਇਕ ਨਿਯਮਤ ਹਿੱਸਾ ਹੋਣਗੀਆਂ ਕਿਉਂਕਿ ਇਹ ਸਰਕਾਰ ਨੂੰ ਜ਼ਮੀਨੀ ਹਕੀਕਤਾਂ ਨੂੰ ਸਮਝਣ ਅਤੇ ਜਨਤਕ ਸ਼ਿਕਾਇਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਵਿੱਚ ਮਦਦ ਕਰਦੀਆਂ ਹਨ। ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਕਿਹਾ, “ਇਨ੍ਹਾਂ ਲੋਕ ਮਿਲਣੀਆਂ ਦਾ ਮੂਲ ਉਦੇਸ਼ ਪੂਰੀ ਪ੍ਰਕਿਰਿਆ ਨੂੰ ਸੁਚਾਰੂ ਬਣਾ ਕੇ ਲੋਕਾਂ ਨੂੰ ਦਰਪੇਸ਼ ਮੁੱਦਿਆਂ ਨੂੰ ਹੱਲ ਕਰਨਾ ਹੈ, ਜਿਸ ਨਾਲ ਸੂਬੇ ਦੇ ਸਮੁੱਚੇ ਵਿਕਾਸ ਨੂੰ ਹੁਲਾਰਾ ਮਿਲੇਗਾ। ਸਰਕਾਰ ਹਰੇਕ ਨਾਗਰਿਕ ਨੂੰ ਪਾਰਦਰਸ਼ੀ, ਪ੍ਰਭਾਵਸ਼ਾਲੀ ਅਤੇ ਜਵਾਬਦੇਹ ਸ਼ਾਸਨ ਮੁਹੱਈਆ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।” ਪੰਜਾਬ ਸਰਕਾਰ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖ਼ੁਸ਼ਹਾਲੀ ਯਕੀਨੀ ਬਣਾਉਣ ਲਈ ਸਖ਼ਤ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ, “ਅਸੀਂ ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਾਂ। ਉਹ ਦਿਨ ਦੂਰ ਨਹੀਂ, ਜਦੋਂ ਇਨ੍ਹਾਂ ਨਿਰੰਤਰ ਯਤਨਾਂ ਸਦਕਾ ਪੰਜਾਬ ਇਕ ਵਾਰ ਫਿਰ ਦੇਸ਼ ਵਿੱਚ ਮੋਹਰੀ ਸੂਬੇ ਵਜੋਂ ਉਭਰੇਗਾ।” ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ‘ਰੰਗਲਾ ਪੰਜਾਬ’ ਬਣਾਉਣ ਲਈ ਵਿਆਪਕ ਯੋਜਨਾ ਪਹਿਲਾਂ ਹੀ ਤਿਆਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ “ਪਿਛਲੇ ਮੁੱਖ ਮੰਤਰੀ ਆਪਣੇ ਮਹਿਲ ਤੱਕ ਸੀਮਤ ਰਹੇ ਪਰ ਮੈਂ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਸੂਬੇ ਦੇ ਹਰ ਕੋਨੇ—ਕੋਨੇ ਦਾ ਦੌਰਾ ਕਰ ਰਿਹਾ ਹਾਂ। ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ ਤਾਂ ਜੋ ਵਿਕਾਸ ਅਤੇ ਖ਼ੁਸ਼ਹਾਲੀ ਨੂੰ ਹੋਰ ਗਤੀ ਮਿਲੇ।” ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕ ਮਿਲਣੀਆਂ ਦਾ ਮੁੱਖ ਉਦੇਸ਼ ਲੋਕਾਂ ਨਾਲ ਸਿੱਧਾ ਸੰਪਰਕ ਸਥਾਪਤ ਕਰਨਾ ਅਤੇ ਸੰਪੂਰਨ ਵਿਕਾਸ ਲਈ ਰਣਨੀਤੀ ਤਿਆਰ ਕਰਨਾ ਹੈ। ਉਨ੍ਹਾਂ ਕਿਹਾ, “ਇਸ ਪ੍ਰੋਗਰਾਮ ਦਾ ਦੇਸ਼ ਭਰ ਵਿੱਚ ਕੋਈ ਸਾਨੀ ਨਹੀਂ। ਕੋਈ ਹੋਰ ਸੂਬਾ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਦਰਵਾਜ਼ੇ ਉੱਤੇ ਜਾ ਕੇ ਹੱਲ ਕਰਨ ਲਈ ਇੰਨਾ ਸਮਾਂ ਨਹੀਂ ਕੱਢਦੀ। ਲੋਕ ਮਿਲਣੀਆਂ ਨਾ ਸਿਰਫ਼ ਜਨਤਕ ਮੁੱਦਿਆਂ ਦੇ ਜਲਦੀ ਹੱਲ ਨੂੰ ਯਕੀਨੀ ਬਣਾਉਂਦੀਆਂ ਹਨ, ਸਗੋਂ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਵਿੱਚ ਵੀ ਮਦਦਗਾਰ ਹਨ।” ਇਸ ਨੂੰ ਮੌਜੂਦਾ ਜ਼ਰੂਰਤਾਂ ਦੇ ਅਨੁਕੂਲ ਇਕ ਲੋਕ—ਪੱਖੀ ਪਹਿਲਕਦਮੀ ਦੱਸਦਿਆਂ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕ ਮਿਲਣੀ ਨਾਗਰਿਕਾਂ ਨੂੰ ਉਨ੍ਹਾਂ ਦੇ ਰੋਜ਼ਾਨਾ ਦੇ ਕੰਮ ਨੂੰ ਆਸਾਨੀ ਨਾਲ ਕਰਨ ਵਿੱਚ ਸਹਾਇਤਾ ਕਰਦੀ ਹੈ ਅਤੇ ਚੰਗੇ ਸ਼ਾਸਨ ਨੂੰ ਮਜ਼ਬੂਤ ਕਰਦੀ ਹੈ। ਉਨ੍ਹਾਂ ਕਿਹਾ, “ਇਹ ਦਫ਼ਤਰਾਂ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਵਿੱਚ ਮਦਦਗਾਰ ਹੈ ਅਤੇ ਪ੍ਰਸ਼ਾਸਨ ਨੂੰ ਜ਼ਮੀਨੀ ਹਕੀਕਤਾਂ ਦੀ ਸਪੱਸ਼ਟ ਸਮਝ ਪ੍ਰਦਾਨ ਕਰਦੀ ਹੈ। ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਲੋਕਾਂ ਦੇ ਦਰਵਾਜ਼ਿਆਂ ਉੱਤੇ ਪਹੁੰਚੇ। ਅਸੀਂ ਵਿਕਾਸ ਨੂੰ ਤੇਜ਼ ਕਰਨ ਅਤੇ ਖ਼ੁਸ਼ਹਾਲੀ ਵਧਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਾਂ।” 90 ਪ੍ਰਤੀਸ਼ਤ ਘਰਾਂ ਨੂੰ ਬਿਜਲੀ ਮੁਫ਼ਤ ਮਿਲ ਰਹੀ ਹੈ, ਜਿਸ ਨਾਲ ਪਰਿਵਾਰਾਂ ਉੱਤੇ ਵਿੱਤੀ ਦਬਾਅ ਕਾਫ਼ੀ ਹੱਦ ਤੱਕ ਘੱਟ ਗਿਆ ਹੈ। ਉਨ੍ਹਾਂ ਕਿਹਾ, “65,000 ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਕਿਸੇ ਸਿਫਾਰਸ਼ ਜਾਂ ਭ੍ਰਿਸ਼ਟਾਚਾਰ ਦੇ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।” ਉਨ੍ਹਾਂ ਕਿਹਾ ਕਿ ਸਰਕਾਰ ਨੇ 17 ਟੌਲ ਪਲਾਜ਼ਾ ਵੀ ਬੰਦ ਕਰ ਦਿੱਤੇ ਹਨ, ਜਿਸ ਨਾਲ ਆਮ ਆਦਮੀ ਨੂੰ ਟੌਲ ਫੀਸਾਂ ਵਿੱਚ ਰੋਜ਼ਾਨਾ ਲਗਭਗ 64 ਲੱਖ ਰੁਪਏ ਦੀ ਬੱਚਤ ਹੁੰਦੀ ਹੈ।