ਖੰਨਾ, ਲੁਧਿਆਣਾ, 1 ਜੂਨ | ਪੰਜਾਬ ਵਾਸੀਆਂ ਅਤੇ ਕਿਸਾਨਾਂ ਵਲੋ ਜੈਵਿਕ ਖਾਦਾਂ ਅਤੇ ਕੀਟਨਾਸ਼ਕ ਮੁਕਤ ਖੇਤੀ ਵੱਲ ਕਾਫੀ ਰੁਚੀ ਦਿਖਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਪਲੀਤ ਹੋ ਰਹੇ ਕੁਦਰਤੀ ਸੋਮਿਆਂ ਅਤੇ ਲੋੜੋਂ ਵੱਧ ਜਹਿਰਾਂ ਦੀ ਵਰਤੋਂ ਨਾਲ ਵਾਤਾਵਰਨ ਅਤੇ ਮਨੁੱਖਾਂ ਉੱਤੇ ਅਸਰ, ਜ਼ਹਿਰ ਮੁਕਤ ਉਤਪਾਦਾਂ ਅਤੇ ਤਾਜ਼ੀਆਂ ਫਲ-ਸਬਜੀਆਂ ਖਾ ਕੇ ਹੀ ਬਚਿਆ ਜਾ ਸਕਦਾ ਹੈ।
ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੇ ਬਿੱਗ ਰਿਜੋ਼ਰਟ ਖੰਨਾ ਵਿਖੇ ਜਨਰੇਸ਼ਨ ਆਫ ਫਾਰਮਿੰਗ ਸੰਸਥਾ ਵਲੋਂ ਜੈਵਿਕ ਖੇਤੀ, ਡੇਅਰੀ ਫਾਰਮਿੰਗ ਅਤੇ ਸਿਹਤ ਪ੍ਰਤੀ ਜ਼ਾਹਿਰ ਮੁਕਤ ਭੌਜਨ ਤਹਿਤ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਮੌਕੇ ਕੀਤਾ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਐਗਰੋ ਵੱਲੋਂ ਕਿਸਾਨਾਂ ਲਈ ਜੈਵਿਕ ਖੇਤੀ ਨੂੰ ਪ੍ਰਫੁੱਲਤ ਕਰਨ ਲਈ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ। ਜਿਸ ਦੇ ਨਾਲ-ਨਾਲ ਕਿਸਾਨਾਂ ਨੂੰ ਮੁਫਤ ਸਰਟੀਫਿਕੇਸਨ, ਬਾਇਓ ਖਾਦਾਂ, ਗੰਡੋਆ ਖਾਦ, ਮਿੱਟੀ ਦੇ ਸੈਂਪਲ, ਬਾਇਓ ਇਨਪੁੱਟ ਆਦਿ ਦੀ ਸੁਵਿਧਾ ਵੀ ਮੁਫ਼ਤ ਦਿੱਤੀ ਜਾਂਦੀ ਹੈ ਅਤੇ ਤਕਨੀਕੀ ਸਿੱਖਿਆ ਵੀ ਖੇਤ ਤੱਕ ਪੁੱਜਦੀ ਕੀਤੀ ਜਾ ਰਹੀ ਹੈ।
ਸਪੀਕਰ ਸੰਧਵਾਂ ਨੇ ਕਿਹਾ ਕਿ ਜਨਰੇਸ਼ਨ ਆਫ ਫਾਰਮਿੰਗ ਸੰਸਥਾ ਵਲੋਂ ਆਰਗੈਨਿਕ ਫਾਰਮਿੰਗ ਅਤੇ ਤੰਦਰੁਸਤ ਜੀਵਨ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਦੇ ਆਰਥਿਕ ਜੀਵਨ ਨੂੰ ਵਧੀਆ ਬਣਾਉਣ ਲਈ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਨਾਲ ਹਜ਼ਾਰਾਂ ਕਿਸਾਨ ਜੁੜੇ ਹੋਏ ਹਨ। ਕਿਸਾਨਾਂ ਅਤੇ ਲੋਕਾਂ ਨੂੰ ਜ਼ਾਹਿਰ ਮੁਕਤ ਭੌਜਨ ਅਤੇ ਦੁੱਧ ਉਤਪਾਦਨ ਪ੍ਰਤੀ ਉਤਸ਼ਾਹਿਤ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਹ ਮਾਡਲ ਬਹੁਤ ਵਧੀਆ ਹੈ। ਇਹ ਸਮੇਂ ਦੀ ਲੋੜ ਵੀ ਹੈ। ਇਹ ਉਹੀ ਮਾਡਲ ਹੈ ਜਿਸ ਨੂੰ ਇੱਥੇ ਵੱਡੇ-ਵੱਡੇ ਕਾਰਪੋਰੇਟ ਕਰਨਾ ਚਾਹੁੰਦੇ ਹਨ। ਇਸ ਲਈ ਸਾਡੇ ਕਿਸਾਨਾਂ ਨੂੰ ਇਹ ਮਾਡਲ ਖੁਦ ਹੀ ਅਪਣਾ ਲੈਣਾ ਚਾਹੀਦਾ ਹੈ। ਇਸ ਸੰਸਥਾ ਦਾ ਬਹੁਤ ਵਧੀਆ ਉਪਰਾਲਾ ਹੈ ਉਨ੍ਹਾਂ ਕਿਹਾ ਮੈਂ ਇਹਨਾਂ ਨੂੰ ਵਧਾਈ ਦਿੰਦਾ ਹਾਂ।
ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫੇਜ਼ 1 ਪ੍ਰੋਜੈਕਟ ਬਣਾਇਆ ਹੈ ਜਿਸ ਨਾਲ ਸਥਾਨਕ ਉਤਪਾਦਨ ਦਾ ਮੰਡੀਕਰਨ ਕਰਕੇ ਇੱਥੇ ਹੀ ਵੇਚਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਇਸ ‘ਤੇ ਬਹੁਤ ਵੱਡਾ ਕੰਮ ਕਰ ਰਹੀ ਹੈ। ਹੋਲੀ-ਹੋਲੀ ਕਿਸਾਨਾਂ ਨੂੰ ਇਸ ਪਾਸੇ ਲਿਆਂਦਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਕੱਢਣ ਲਈ 1 ਹਜ਼ਾਰ ਕਰੋੜ ਰੁਪਏ ਰੱਖਿਆ ਗਿਆ ਹੈ। ਪੰਜਾਬ ਸਰਕਾਰ ਦਾ ਇਹ ਬਹੁਤ ਵੱਡਾ ਉਪਰਾਲਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਤਾਂ ਸਾਰਾ ਕੁੱਝ ਹੀ ਜਿਵੇਂ ਕਿ ਹਵਾ, ਪਾਣੀ ਅਤੇ ਮਿੱਟੀ ਨੂੰ ਗੰਧਲਾ ਕਰ ਰਿਹਾ ਹੈ। ਸਾਡੇ ਖੂਨ ਵਿੱਚ ਜ਼ਹਿਰ ਆ ਰਹੀ ਹੈ। ਇਸ ਲਈ ਕਿਸਾਨੀ ਸੋਚ ਨੂੰ ਵੀ ਬਦਲਣਾ ਪੈਣਾ ਹੈ। ਹੁਣ ਸਮਾਂ ਹੈ ਕਿ ਸੂਬੇ ਦੇ ਸਾਰੇ ਲੋਕਾਂ ਨੂੰ ਸਰਕਾਰ ਨਾਲ ਮਿਲ ਕੇ ਜੈਵਿਕ ਖੇਤੀ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਸਪੀਕਰ ਨੇ ਲੋਕਾਂ ਨੂੰ ਕਿਹਾ ਕਿ ਫਲ ਅਤੇ ਸਬਜੀਆਂ ਦੀ ਪ੍ਰੋਸੈਸਿੰਗ, ਰਸਾਇਣ ਮੁਕਤ ਘਰੇਲੂ ਬਗੀਚੀ, ਫਰੂਟ ਨਿਊਟਰਿਸ਼ਨ ਗਾਰਡਨ ਅਤੇ ਹਰਬਲ ਗਾਰਡਨ ਤਰੀਕੇ ਨੂੰ ਘਰੇਲੂ ਪੱਧਰ ‘ਤੇ ਅਪਨਾਉਣ ਨਾਲ ਜਿੱਥੇ ਜੈਵਿਕ ਸਬਜੀਆਂ ਅਤੇ ਫਲਾਂ ਦੀ ਪੈਦਾਵਾਰ ਕਰਕੇ ਆਪਣੇ ਆਪ ਨੂੰ ਰੋਗ ਮੁਕਤ ਰੱਖਣ ਦੇ ਨਾਲ ਨਾਲ ਜਰੂਰੀ ਪੌਸ਼ਟਿਕ ਤੱਤਾਂ ਦੀ ਪੂਰਤੀ ਵੱਲ ਧਿਆਨ ਦੇਣ ।
ਕੇਂਦਰ ਸਰਕਾਰ ਦੇ ਜੈਵਿਕ ਖੇਤੀ ਸਬੰਧੀ ਸਮਰਥਨ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਸਪੀਕਰ ਸੰਧਵਾਂ ਨੇ ਕਿਹਾ ਕਿ ਹੁਣ ਤੱਕ ਕੇਂਦਰ ਸਰਕਾਰ ਦਾ ਤਾਂ ਧੱਕਾ ਹੀ ਹੈ ਜੇਕਰ ਕੇਂਦਰ ਸਰਕਾਰ ਵੱਲੋਂ ਮੱਦਦ ਹੁੰਦੀ ਤਾਂ ਪੰਜਾਬ ਦੀ ਖੇਤੀ ਦੁਨੀਆਂ ਵਿੱਚੋਂ ਇੱਕ ਨੰਬਰ ਤੇ ਹੋਣੀ ਸੀ।
ਇਸ ਮੌਕੇ ਜਨਰੇਸ਼ਨ ਆਫ ਫਾਰਮਿੰਗ ਸੰਸਥਾ ਵਲੋਂ 5 ਹਜ਼ਾਰ ਫਲਦਾਰ ਬੂਟੇ ਵੀ ਵੰਡੇ ਗਏ।
ਇਸ ਮੌਕੇ ਜਨਰੇਸ਼ਨ ਆਫ ਫਾਰਮਿੰਗ ਸੰਸਥਾ ਦੇ ਚੇਅਰਮੈਨ ਬਿਕਰਮਜੀਤ ਸਿੰਘ ਰੰਧਾਵਾ, ਐਮ.ਡੀ ਜਸਪ੍ਰੀਤ ਸਿੰਘ, ਡਾਇਰੈਕਟਰ ਪਰਮਿੰਦਰ ਸਿੰਘ ਤੋਂ ਵੱਡੀ ਗਿਣਤੀ ਕਿਸਾਨ ਸ਼ਾਮਲ ਸਨ।