CM ਵੱਲੋਂ ਨਿਰਵਿਘਨ ਨਾਗਰਿਕ ਕੇਂਦਰਿਤ ਸੇਵਾਵਾਂ ਦੇਣ ਲਈ PGRS Web ਪੋਰਟਲ ਦੀ ਸ਼ੁਰੂਆਤ

0
481

• ਡਿਜੀਟਲ ਪੰਜਾਬ ਦੀ ਮਜ਼ਬੂਤੀ ਲਈ ਮੁੱਖ ਸਕੱਤਰ ਨੂੰ ਨਵੀਂ ਪ੍ਰਣਾਲੀ ਦੀ ਵਰਤੋਂ ਕਰਨ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਕਿਹਾ

ਚੰਡੀਗੜ੍ਹ . ਸੂਬੇ ਦੇ ਲੋਕਾਂ ਨੂੰ ਨਿਰਵਿਘਨ ਢੰਗ ਨਾਲ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੋਮਵਾਰ ਨੂੰ ਵਨ-ਸਟਾਪ ਵੈੱਬ ਪੋਰਟਲ ਦੇ ਰੂਪ ਵਿੱਚ ਇੱਕ ਡਿਜੀਟਲ ਸ਼ਿਕਾਇਤ ਨਿਵਾਰਣ ਪ੍ਰਣਾਲੀ  (ਪੀਜੀਆਰਐਸ) ਸ਼ੁਰੂ ਕੀਤੀ ਗਈ ਹੈ ਤਾਂ ਜੋ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸਮਾਂਬੱਧ ਢੰਗ ਨਾਲ ਹੱਲ ਕੀਤਾ ਜਾ ਸਕੇ।
ਕੈਬਨਿਟ ਮੀਟਿੰਗ ਦੌਰਾਨ ਪੋਰਟਲ ਦਾ ਵਰਚੁਅਲ ਉਦਘਾਟਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ (ਡੀਜੀਆਰ ਅਤੇ ਪੀਜੀ) ਵੱਲੋਂ ਵਿਕਸਤ ਕੀਤਾ ਗਿਆ ਇਹ ਪੋਰਟਲ ਵੱਖ-ਵੱਖ ਵਿਭਾਗਾਂ ਵਿੱਚ ਸੇਵਾਵਾਂ ਦੀ ਸਪੁਰਦਗੀ ਸਬੰਧੀ ਪ੍ਰਕਿਰਿਆਵਾਂ ਦੀ ਡਿਜੀਟਲਾਈਜੇਸ਼ਨ ਲਈ ਅਹਿਮ ਸਾਬਿਤ ਹੋਵੇਗਾ। ਉਨ•ਾਂ ਮੁੱਖ ਸਕੱਤਰ ਨੂੰ ਹਦਾਇਤ ਕੀਤੀ ਕਿ ਉਹ ਨਾਗਰਿਕਾਂ ਨੂੰ ਇਸ ਪ੍ਰਣਾਲੀ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਅਤੇ ਅਧਿਕਾਰੀਆਂ ਨੂੰ ਡਿਜੀਟਲ ਪੰਜਾਬ ਦੀ ਮਜ਼ਬੂਤੀ ਲਈ ਲਈ ਇਸ ਪ੍ਰਣਾਲੀ ਦੀ ਵਰਤੋਂ ਕਰਨ ਲਈ ਕਹਿਣ।
ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਪੋਰਟਲ ਦਾ ਉਦੇਸ਼ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰਦਿਆਂ ਨਾਗਰਿਕ ਕੇਂਦਰਿਤ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਨਾ ਹੈ। ਨਾਗਰਿਕ ਹੁਣ ਆਪਣੀਆਂ ਸ਼ਿਕਾਇਤਾਂ ਸਬੰਧਤ ਸਰਕਾਰੀ ਵਿਭਾਗਾਂ ਕੋਲ connect.punjab.gov.in. ‘ਤੇ  ਜਮਾ ਕਰਵਾ ਸਕਦੇ ਹਨ। ਸਾਰੇ ਵਿਭਾਗਾਂ ਨੂੰ ਇਸ ਨਾਲ ਜੋੜ ਦਿੱਤਾ ਗਿਆ ਹੈ ਅਤੇ ਅਧਿਕਾਰੀਆਂ ਨੂੰ ਚੰਡੀਗੜ੍ਹ ਅਤੇ ਜ਼ਿਲ੍ਹਾ ਪੱਧਰ ਦੇ ਮੁੱਖ ਦਫ਼ਤਰਾਂ ਵਿਖੇ ਸਿਖਲਾਈ ਦਿੱਤੀ ਗਈ ਹੈ। ਉਹ ਨਾਗਰਿਕਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਕਰਨ ਅਤੇ ਜਲਦੀ ਹੱਲ ਕਰਨ ਲਈ ਤਿਆਰ ਹਨ।
ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਪੀਜੀਆਰਐਸ ਕੇਂਦਰੀ ਪੋਰਟਲ ਵਜੋਂ ਕੰਮ ਕਰੇਗੀ ਜਿੱਥੇ ਸਾਰੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਪੋਰਟਲ ‘ਤੇ ਖੁਦ ਜਾਂ ਈਮੇਲ, ਡਾਕ ਰਾਹੀਂ ਜਾਂ ਸੇਵਾ ਕੇਂਦਰਾਂ’ ਤੇ ਵਿਅਕਤੀਗਤ ਤੌਰ ‘ਤੇ ਦਰਜ ਕਰਕੇ ਦਰਜ ਕੀਤੀਆਂ ਜਾ ਸਕਦੀਆਂ ਹਨ।
ਗੌਰਤਲਬ ਹੈ ਕਿ ਮੰਤਰੀ ਮੰਡਲ ਨੇ ਪਹਿਲਾਂ ਹੀ ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ 2020 ਦੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਮਾਂ-ਸੀਮਾ ਨਿਰਧਾਰਤ ਕਰਦੀ ਹੈ ਤਾਂ ਜੋ ਨਾਗਰਿਕਾਂ ਨੂੰ ਸਮੇਂ ਸਿਰ ਰਾਹਤ ਮਿਲ ਸਕੇ।
ਪੋਰਟਲ ਦੇ ਜ਼ਰੀਏ, ਨਾਗਰਿਕ ਆਪਣੀਆਂ ਸ਼ਿਕਾਇਤਾਂ ਦੀ ਸਥਿਤੀ ਬਾਰੇ ਆਨਲਾਈਨ ਜਾਣ ਸਕਣਗੇ ਅਤੇ ਉਨ੍ਹਾਂ ਨੂੰ ਪ੍ਰਕਿਰਿਆ ਦੇ ਹਰ ਪੜਾਅ ‘ਤੇ ਐਸ.ਐਮ.ਐਸ. ਦੁਆਰਾ  ਸੂਚਿਤ ਕੀਤਾ ਜਾਵੇਗਾ। ਸ਼ਿਕਾਇਤ ਦਾ ਹੱਲ ਹੋਣ ‘ਤੇ ਉਨ੍ਹਾਂ ਨੂੰ ਫੋਨ ਕਾਲ ਆਵੇਗੀ ਅਤੇ ਜੇ ਉਹ ਸੰਤੁਸ਼ਟ ਨਹੀਂ ਹਨ ਤਾਂ ਉਨ੍ਹਾਂ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਕੋਲ ਕੋਲ ਪਹੁੰਚਾਈ ਜਾਵੇਗੀ।
ਇਸੇ ਦੌਰਾਨ ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਨੇ ਕਿਹਾ ਕਿ ਉਕਤ ਵਿਭਾਗਾਂ ਵੱਲੋਂ ਜ਼ਿਲ੍ਹਾ ਪੱਧਰ ਤੋਂ ਲੈ ਕੇ ਮੁੱਖ ਮੰਤਰੀ ਦਫ਼ਤਰ ਤੱਕ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਹਰੇਕ ਪੱਧਰ ‘ਤੇ ਸ਼ਿਕਾਇਤਾਂ ਦੀ ਨਿਗਰਾਨੀ ਲਈ ਡੈਸ਼ਬੋਰਡ ਤਿਆਰ ਕੀਤੇ ਗਏ ਹਨ। ਨਾਗਰਿਕ ਆਪਣੀਆਂ ਸ਼ਿਕਾਇਤਾਂ ਸੇਵਾ ਕੇਂਦਰਾਂ, ਡੀ.ਸੀ. ਦਫਤਰਾਂ ਵਿਖੇ ਦੇ ਸਕਣਗੇ ਅਤੇ ਜਲਦ ਹੀ ਇੱਕ ਕਾਲ ਸੈਂਟਰ ਵੀ ਸਥਾਪਤ ਕੀਤਾ ਜਾਵੇਗਾ।
ਨਾਗਰਿਕਾਂ ਲਈ ਪ੍ਰਣਾਲੀ ਦੀ ਵਰਤੋਂ ਕਰਨ ਨੂੰ ਸੁਖਾਲਾ ਬਣਾਉਣ ਲਈ ਸਰਕਾਰ ਭਵਿੱਖ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕਰੇਗੀ। ਸਰਕਾਰ ਦਾ ਵਿਚਾਰ ਪ੍ਰਣਾਲੀ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਦੀ ਵਰਤੋਂ ਜਨਤਕ ਸੇਵਾਵਾਂ ਦੀ ਸਪੁਰਦਗੀ ਦੀ ਮਜ਼ਬੂਤੀ ਅਤੇ ਸਰਕਾਰ ਵਿੱਚ ਜਨਤਾ ਦਾ ਵਿਸ਼ਵਾਸ ਵਧਾਉਣ ਲਈ ਨੀਤੀਆਂ ਤਿਆਰ ਕਰਨ ਵਾਸਤੇ ਵੱਡੇ ਪੱਧਰ ‘ਤੇ ਜਾਣਕਾਰੀ ਦੇ ਵਿਸ਼ਲੇਸ਼ਣ ਲਈ ਕਰਨਾ ਹੈ।