ਮੁੱਖ ਮੰਤਰੀ ਵੱਲੋਂ ਦੁਕਾਨਦਾਰਾਂ ਨੂੰ ਰੱਖੜੀ ਦੇ ਤਿਉਹਾਰ ‘ਤੇ ਮਠਿਆਈਆਂ ਤੇ ਰੱਖੜੀਆਂ ਖ਼ਰੀਦਣ ਮੌਕੇ ਮਾਸਕ ਮੁਫ਼ਤ ਦੇਣ ਦੀ ਸਲਾਹ

0
14326

ਚੰਡੀਗੜ. ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਮਠਿਆਈਆਂ ਵੇਚਣ ਵਾਲਿਆਂ ਅਤੇ ਹੋਰ ਦੁਕਾਨ ਮਾਲਕਾਂ ਨੂੰ ਰੱਖੜੀ ਦੇ ਤਿਉਹਾਰ ’ਤੇ ਗਾਹਕਾਂ ਨੂੰ ਮੁਫ਼ਤ ਮਾਸਕ ਮੁਹੱਈਆ ਕਰਵਾਉਣ ਦੀ ਸਲਾਹ ਦਿੱਤੀ ਹੈ। 

ਮੁੱਖ ਮੰਤਰੀ ਇਸ ਤੋਂ ਪਹਿਲਾਂ ਐਲਾਨ ਕਰ ਚੁੱਕੇ ਹਨ ਕਿ ਸੂਬੇ ਵਿੱਚ ਐਤਵਾਰ ਨੂੰ ਲਾਕਡਾਊਨ ਲਾਗੂ ਹੋਣ ਦੇ ਬਾਵਜੂਦ ਰੱਖੜੀ ਦੇ ਤਿਉਹਾਰ ਦੀ ਪੂਰਵ ਸੰਧਿਆ ’ਤੇ 2 ਅਗਸਤ ਨੂੰ ਹਲਵਾਈਆਂ ਦੀਆਂ ਦੁਕਾਨਾਂ ਖੋਲਣ ਦੀ ਇਜਾਜ਼ਤ ਹੋਵੇਗੀ ਅਤੇ ਅੱਜ ਇਸ ਐਲਾਨ ਤੋਂ ਚਾਰ ਦਿਨ ਬਾਅਦ ਮੁੱਖ ਮੰਤਰੀ ਨੇ ਦੁਕਾਨਦਾਰਾਂ ਨੂੰ ਇਹ ਅਪੀਲ ਕੀਤੀ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲਿਆਂ ਵਿੱਚ ਮਠਿਆਈ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਗਾਹਕਾਂ ਵੱਲੋਂ ਮਠਿਆਈ ਖਰੀਦਣ ਮੌਕੇ ਇਕ ਜੋੜਾ ਮਾਸਕ ਦਾ ਮੁਫ਼ਤ ਦੇਣ ਦੀ ਸਲਾਹ ਦੇਣ ਵਾਸਤੇ ਕਿਹਾ ਗਿਆ ਹੈ ਤਾਂ ਕਿ ਲੋਕਾਂ ਵਿੱਚ ਮਾਸਕ ਦੀ ਵਰਤੋਂ ਨੂੰ ਹੋਰ ਜ਼ਿਆਦਾ ਉਤਸ਼ਾਹਤ ਕੀਤਾ ਜਾ ਸਕੇ। ਇਸੇ ਤਰਾਂ ਦੀ ਸਲਾਹ ਹੋਰ ਦੁਕਾਨ ਮਾਲਕਾਂ ਨੂੰ ਵੀ ਦਿੱਤੀ ਜਾ ਸਕਦੀ ਹੈ ਕਿ ਰੱਖੜੀਆਂ ਦੀ ਖਰੀਦ ਮੌਕੇ ਗਾਹਕਾਂ ਨੂੰ ਮੁਫ਼ਤ ਮਾਸਕ ਵੰਡੇ ਜਾਣ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਮਾਸਕ ਦੀ ਵਰਤੋਂ ਨੂੰ ਸਰਗਰਮੀ ਨਾਲ ਪ੍ਰਚਾਰਿਆ ਜਾਵੇ ਕਿਉਂ ਜੋ ਸੂਬੇ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਕੋਵਿਡ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਲਾਜ਼ਮੀ ਤੌਰ ’ਤੇ ਮਾਸਕ ਪਹਿਨਣ ਦੀ ਉਲੰਘਣਾ ਕਰਨ ’ਤੇ ਜੁਰਮਾਨੇ ਵਿੱਚ ਵਾਧਾ ਕਰ ਕੇ ਪਹਿਲਾਂ ਹੀ ਸਾਵਧਾਨ ਕੀਤਾ ਜਾ ਚੁੱਕਾ ਹੈ। ਆਪਣੇ ਘਰਾਂ ਵਿੱਚੋਂ ਬਾਹਰ ਨਿਕਲਣ ਮੌਕੇ ਮਾਸਕ ਨਾ ਪਹਿਨਣ ਵਾਲਿਆਂ ’ਤੇ ਜੁਰਮਾਨਾ ਲਾਉਣ ਵਿੱਚ ਪਹਿਲੇ ਸੂਬਿਆਂ ’ਚ ਸ਼ੁਮਾਰ ਪੰਜਾਬ ਵਿੱਚ ਇਸ ਵੇਲੇ ਉਲੰਘਣਾ ਕੀਤੇ ਜਾਣ ’ਤੇ 500 ਰੁਪਏ ਦਾ ਜੁਰਮਾਨਾ ਲਾਇਆ ਜਾ ਰਿਹਾ ਹੈ। ਹਾਲਾਂਕਿ, ਬਹੁਤੇ ਜ਼ਿਲਿਆਂ ਵਿੱਚ ਵੱਡੇ ਪੱਧਰ ’ਤੇ ਉਲੰਘਣਾ ਦੀਆਂ ਰਿਪੋਰਟਾਂ ਆ ਰਹੀਆਂ ਹਨ ਜਿਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਲੋਕਾਂ ਨੇ ਜ਼ਿੰਮੇਵਾਰੀ ਵਾਲਾ ਰਵੱਈਆ ਨਾ ਦਿਖਾਇਆ ਤਾਂ ਜੁਰਮਾਨਾ ਰਾਸ਼ੀ ਵਿੱਚ ਵਾਧਾ ਕੀਤਾ ਜਾਵੇਗਾ। 

ਮੁੱਖ ਮੰਤਰੀ ਨੇ ਹਾਲ ਹੀ ਵਿੱਚ ਸਿਹਤ ਵਿਭਾਗ ਨੂੰ ਬੱਸ ਅੱਡਿਆਂ ਅਤੇ ਹੋਰ ਅਜਿਹੀਆਂ ਜਨਤਕ ਥਾਵਾਂ ’ਤੇ ਮਾਸਕ ਮੁਹੱਈਆ ਕਰਵਾਉਣ ਵਾਲੀਆਂ ਮਸ਼ੀਨਾਂ ਲਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਗਰੀਬਾਂ ਨੂੰ ਰਾਸ਼ਨ ਕਿੱਟਾਂ ਦੇਣ ਮੌਕੇ ਮੁਫ਼ਤ ਮਾਸਕ ਵੀ ਵੰਡੇ ਜਾ ਰਹੇ ਹਨ।