ਚੰਡੀਗੜ੍ਹ, 25 ਸਤੰਬਰ | ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿਚ ਸ਼ਾਮਲ ਡਾ. ਰਵਜੋਤ ਸਿੰਘ ਨੇ ਅੱਜ (ਬੁੱਧਵਾਰ) ਨਗਰ ਨਿਗਮ ਵਿਚ ਪਹੁੰਚ ਕੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੰਜਾਬ ਦੇ ਕਈ ਸੀਨੀਅਰ ਆਗੂ ਹਾਜ਼ਰ ਸਨ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਹੁਸ਼ਿਆਰਪੁਰ ਦੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਜਲੰਧਰ ਦੇ ਪਾਰਟੀ ਆਗੂ ਪਵਨ ਕੁਮਾਰ ਟੀਨੂੰ, ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਸਮੇਤ ਕਈ ਆਗੂ ਹਾਜ਼ਰ ਸਨ। ਜਦਕਿ ਹਰਦੀਪ ਸਿੰਘ ਮੁੰਡੀਆ ਸ਼ਾਮ 4 ਵਜੇ ਪੰਜਾਬ ਸਿਵਲ ਸਕੱਤਰੇਤ ਵਿਖੇ ਚਾਰਜ ਸੰਭਾਲਣਗੇ। ਇਸ ਮੌਕੇ ‘ਤੇ ਸੂਬੇ ਦੇ ਕਈ ਮੰਤਰੀ ਅਤੇ ‘ਆਪ’ ਆਗੂ ਮੌਜੂਦ ਰਹਿਣਗੇ।
ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿਚ 5 ਨਵੇਂ ਮੰਤਰੀ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿਚ ਤਰੁਨਪ੍ਰੀਤ ਸਿੰਘ, ਬਰਿੰਦਰ ਗੋਇਲ, ਹਰਦੀਪ ਮੁੰਡੀਆ, ਡਾ. ਰਵਜੋਤ ਸਿੰਘ ਅਤੇ ਮਹਿੰਦਰ ਭਗਤ ਦੇ ਨਾਂ ਸ਼ਾਮਲ ਹਨ। ਸੀਐਮ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਸਾਰਿਆਂ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਸਬੰਧਤ ਵਿਭਾਗਾਂ ਦੀ ਕਾਰਜਸ਼ੈਲੀ ਬਾਰੇ ਵੀ ਚਰਚਾ ਕੀਤੀ ਗਈ।
ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ 13 ਵਿਚੋਂ ਸਿਰਫ਼ 3 ਸੀਟਾਂ ਹੀ ਜਿੱਤ ਸਕੀ। ਮੰਤਰੀ ਮੰਡਲ ਵਿਚ ਫੇਰਬਦਲ ਨੂੰ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। 5 ਨਵੇਂ ਵਿਧਾਇਕਾਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਮੰਤਰੀਆਂ ਦੀ ਗਿਣਤੀ 16 ਹੋ ਗਈ ਹੈ। ਪੰਜਾਬ ਵਿਚ ਸਹੁੰ ਚੁੱਕਣ ਵਾਲੇ 5 ਮੰਤਰੀਆਂ ਵਿਚੋਂ 2 ਅਨੁਸੂਚਿਤ ਜਾਤੀ, 2 ਜਾਟ ਅਤੇ ਇੱਕ ਬਾਣੀਆ ਭਾਈਚਾਰੇ ਨਾਲ ਸਬੰਧਤ ਹੈ। ਇਸ ਦੇ ਨਾਲ ਹੀ ਅਨਮੋਲ ਗਗਨ ਮਾਨ ਦੇ ਅਸਤੀਫੇ ਤੋਂ ਬਾਅਦ ਹੁਣ ਇਸ ਪੂਰੇ ਮੰਤਰੀ ਮੰਡਲ ਵਿੱਚ ਸਿਰਫ਼ ਇੱਕ ਮਹਿਲਾ ਮੰਤਰੀ ਰਹਿ ਗਈ ਹੈ।