ਦੋਵੇਂ ਅਪਰਾਧੀ ਸਰਹੱਦ ਪਾਰੋਂ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ‘ਚ ਸ਼ਾਮਲ ਸਨ
ਚੰਡੀਗੜ੍ਹ. ਸੂਬੇ ਵਿਚ ਗੈਂਗਸਟਰਾਂ ਦੀ ਨਕੇਲ ਕੱਸਦਿਆਂ, ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਹਥਿਆਰਾਂ ਦੇ ਤਸਕਰਾਂ ਅਤੇ ਹਾਈਵੇਅ ਲੁਟੇਰਿਆਂ ਦੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਗੁਰਪ੍ਰੀਤ ਸਿੰਘ ਉਰਫ਼ ਗੋਰਾ ਅਤੇ ਜਰਮਨਜੀਤ ਸਿੰਘ ਸਣੇ ਦੋ ਭਗੌੜੇ ਖ਼ਤਰਨਾਕ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਇੰਨਾ ਗੈਂਗਸਟਰਾਂ ਕੋਲੋਂ ਹਥਿਆਰਾਂ ਅਤੇ ਸਮੱਗਲ ਕੀਤੇ ਗੋਲਾ-ਬਾਰੂਦ ਦੇ ਨਾਲ ਇੱਕ ਬੁਲੇਟ-ਪਰੂਫ਼ ਜੈਕੇਟ ਵੀ ਬਰਾਮਦ ਕੀਤੀ ਹੈ। ਇਹ ਮੁਜਰਮ ਸਰਹੱਦ ਪਾਰੋਂ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਲਈ ਵੀ ਦੋਸ਼ੀ ਹਨ।
ਡੀਜੀਪੀ ਦਿਨਕਰ ਗੁਪਤਾ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਜਲੰਧਰ (ਦਿਹਾਤੀ) ਪੁਲਿਸ ਨੇ ਭੋਗਪੁਰ ਤੋਂ ਗ੍ਰਿਫ਼ਤਾਰ ਕੀਤਾ।
ਗੈਂਗਸਟਰਾਂ ਕੋਲੋਂ ਇੱਕ ਬੁਲੇਟ ਪਰੂਫ਼ ਜੈਕਟ, ਗੈਂਗਸਟਰ ਗੋਪੀ ਘਣਸ਼ਾਮਪੁਰੀਆ ਦੁਆਰਾ ਮੁਹੱਈਆ ਕਰਵਾਈ ਗਈ .455 ਬੋਰ ਦੀ ਇੱਕ ਪਿਸਟਲ, ਚਾਰ ਜਿੰਦਾ ਕਾਰਤੂਸ ਸਮੇਤ ਦੋ ਗਲੋਕ 09 ਐਮਐਮ ਪਿਸਤੌਲ, ਇੱਕ ਪੰਪ ਐਕਸ਼ਨ 12 ਬੋਰ ਰਾਈਫਲ, .32 ਬੋਰ ਦਾ ਰਿਵਾਲਵਰ, ਇਕ .30 ਬੋਰ ਦਾ ਪਿਸਟਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ। ਉਹਨਾਂ ਅੱਗੇ ਦੱਸਿਆ ਕਿ ਜਿਸ ਵਰਨਾ ਕਾਰ ’ਚ ਉਹ ਗੈਂਗਸਟਰ ਜਾ ਰਹੇ ਸਨ, ਉਸ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।
ਗੁਪਤਾ ਨੇ ਕਿਹਾ ਕਿ ਗੋਰਾ ਪਹਿਲਾਂ ਹੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਤਲ, ਹਮਲਾ, ਲੁੱਟ, ਡਕੈਤੀ, ਗੈਂਗਵਾਰ ਅਤੇ ਹੋਰ ਮਿਲਾ ਕੇ ਕੁੱਲ 14 ਮਾਮਲਿਆਂ ਵਿੱਚ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਨ੍ਹਾਂ ਵਿੱਚੋਂ 13 ਮਾਮਲਿਆਂ ਵਿੱਚੋਂ ਇੱਕ ਵਿੱਚ ਭਗੌੜਾ ਵੀ ਕਰਾਰ ਦਿੱਤਾ ਹੋਇਆ ਹੈ।
ਨਵਜੋਤ ਮਾਹਲ, ਐਸਐਸਪੀ ਜਲੰਧਰ ਦਿਹਾਤੀ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਉਰਫ਼ ਗੋਰਾ ਪੁੱਤਰ ਚਮਕੌਰ ਸਿੰਘ ਨਿਵਾਸੀ ਪਿੰਡ ਬਰਿਆੜ, ਥਾਣਾ ਘੁੰਮਣ ਅਤੇ ਉਸਦਾ ਸਾਥੀ ਜਰਮਨਜੀਤ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਪਿੰਡ ਜਵੰਦਪੁਰ ਥਾਣਾ ਵੈਰੋਵਾਲ, ਵਰਨਾ ਕਾਰ ਨੰ. ਪੀਬੀ 46 ਕਿਊ 4951 ਵਿਚ ਬਹਿਰਾਮ ਵੱਲ ਜਾ ਰਹੇ ਸਨ ਅਤੇ ਕੁਝ ਘਿਨਾਉਣੇ ਅਪਰਾਧ ਕਰਨ ਦੀ ਯੋਜਨਾ ਬਣਾ ਰਹੇ ਸਨ ਜਿਵੇਂ ਕਿ ਗਨ ਪੁਆਇੰਟ ‘ਤੇ ਹਾਈਵੇ ਤੋਂ ਵਾਹਨ ਖੋਹਣਾ। ਸਮੁੱਚੇ ਖੇਤਰ ਵਿਚ ਚੈਕ ਪੋਸਟਾਂ ‘ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਸੀ ਅਤੇ ਜਲੰਧਰ ਦਿਹਾਤੀ ਪੁਲਿਸ ਦੇ ਵਿਸ਼ੇਸ਼ ਸਟਾਫ਼ ਦੀ ਇਕ ਟੀਮ ਕਾਰ ਸਵਾਰ ਹਮਲਾਵਰਾਂ ਨੂੰ ਫੜਨ ਵਿਚ ਸਫ਼ਲ ਹੋ ਗਈ।
ਟੀਮ ਨੇ ਮੌਕੇ ਤੋਂ ਵਿਦੇਸ਼ੀ ਅਤੇ ਦੇਸੀ ਦੋਵਾਂ ਕਿਸਮਾਂ ਦੇ ਹਥਿਆਰ ਬਰਾਮਦ ਕੀਤੇ, ਜਿਸ ਵਿਚ ਚਾਰ ਜਿੰਦਾ ਕਾਰਤੂਸ ਵਾਲੀ .30 ਬੋਰ ਦੀ ਇਕ ਪਿਸਟਲ, ਛੇ ਜਿੰਦਾ ਕਾਰਤੂਸ ਵਾਲੀ.32 ਬੋਰ ਦੀ ਇਕ ਰਿਵਾਲਵਰ, ਇਕ ਬੁਲੇਟ ਪਰੂਫ ਜੈਕੇਟ ਅਤੇ ਵੱਖ-ਵੱਖ ਅਪਰਾਧਾਂ ਲਈ ਵਰਤੀ ਗਈ ਵਰਨਾ ਕਾਰ ਸ਼ਾਮਲ ਹੈ ।
ਗੁਪਤਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੁਆਰਾ ਪੁਲਿਸ ਸਾਹਮਣੇ ਕੀਤੇ ਖੁਲਾਸੇ ਤੋਂ ਬਾਅਦ ਪੰਜ ਜ਼ਿੰਦਾ ਕਾਰਤੂਸ ਵਾਲੀ 12 ਬੋਰ ਪੰਪ ਐਕਸ਼ਨ ਰਾਈਫਲ, ਦੋ ਜ਼ਿੰਦਾ ਕਾਰਤੂਸ ਵਾਲੀ (ਆਸਟਰੀਆ ਵਿੱਚ ਬਣੀ ਹੋਈ) ਦੋ 9 ਐਮ.ਐਮ. ਗਲਾਕ ਪਿਸਟਲ (ਪਾਕਿਸਤਾਨ ਆਰਡੀਨੈਂਸ ਫੈਕਟਰੀ ਦੇ ਉਲੀਕੇ ਨਿਸ਼ਾਨ ਵਾਲੀ), ਪੰਜ ਜ਼ਿੰਦਾ ਕਾਰਤੂਸ ਵਾਲੀ.455 ਬੋਰ ਦੀ ਇੱਕ ਰਿਵਾਲਵਰ, 19 ਕਾਰਤੂਸ ਵਾਲੀ .32 ਬੋਰ ਰਿਵਾਲਵਰ ਅਤੇ ਅੱਠ ਕਾਰਤੂਸ ਵਾਲੀ .32 ਬੋਰ ਦੀ ਸਪੈਸ਼ਲ ਰਿਵਾਲਵਰ ਬਰਾਮਦ ਹੋਏ। ਇਹ ਸਾਰੇ ਹਥਿਆਰ ਪਲਾਸਟਿਕ ਪਾਈਪ ਵਿਚ ਪੈਕ ਕੀਤੇ ਗਏ ਸਨ ਅਤੇ ਰਈਆ (ਅੰਮ੍ਰਿਤਸਰ) ਨੇੜੇ ਨਹਿਰ ਕੰਢੇ ਧਰਤੀ ਹੇਠ ਦੱਬੇ ਗਏ ਸਨ।
ਗੁਪਤਾ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਗੋਰਾ ਨੇ ਖੁਲਾਸਾ ਕੀਤਾ ਕਿ ਉਸ ਦਾ ਬਲਜਿੰਦਰ ਸਿੰਘ ਬਿੱਲਾ ਮੰਡਿਆਲਾ ਨਾਲ ਨੇੜਲਾ ਸੰਪਰਕ ਸੀ, ਜੋ ਕਿ ਪਾਕਿਸਤਾਨ ਅਧਾਰਤ ਨਸ਼ਾ ਅਤੇ ਹਥਿਆਰਾਂ ਦੇ ਤਸਕਰਾਂ, ਮਿਰਜ਼ਾ ਅਤੇ ਅਹਿਦਦੀਨ ਨਾਲ ਜੁੜਿਆ ਹੋਇਆ ਸੀ ਅਤੇ ਉਨ੍ਹਾਂ ਕੋਲੋਂ ਫਿਰੋਜ਼ਪੁਰ ਵਿੱਚੋਂ ਕਈ ਹਥਿਆਰਾਂ ਅਤੇ ਨਸ਼ਿਆਂ ਦੀਆਂ ਖੇਪਾਂ ਮਿਲੀਆਂ ਸਨ। ਸ੍ਰੀ ਗੁਪਤਾ ਨੇ ਅੱਗੇ ਕਿਹਾ ਕਿ ਪਾਕਿਸਤਾਨੀ ਨਸ਼ਾ/ਹਥਿਆਰਾਂ ਦਾ ਤਸਕਰ ਮਿਰਜ਼ਾ ਖਾਲਿਸਤਾਨ ਲਿਬ੍ਰੇਸ਼ਨ ਫੋਰਸ ਲਈ ਭਾਰਤ-ਪਾਕਿ ਸਰਹੱਦ ‘ਤੇ ਕੋਰੀਅਰ ਦਾ ਕੰਮ ਕਰ ਰਿਹਾ ਹੈ ਅਤੇ ਕਈ ਹਥਿਆਰਾਂ ਦੀਆਂ ਖੇਪਾਂ ਦੀ ਭਾਰਤ ਵਿਚ ਤਸਕਰੀ ਕਰਦਾ ਸੀ।
ਇਹ ਵੀ ਪਤਾ ਲੱਗਿਆ ਹੈ ਕਿ ਐਸਟੀਐਫ ਪੰਜਾਬ ਵੱਲੋਂ 24 ਸਤੰਬਰ, 2019 ਨੂੰ ਭਾਰਤ-ਪਾਕਿ ਸਰਹੱਦ ਤੋਂ 05 ਏ.ਕੇ.-47 ਰਾਈਫਲਾਂ ਬਰਾਮਦ ਕੀਤੀਆਂ ਗਈਆਂ ਸਨ ਅਤੇ ਇਸ ਖੇਪ ਦਾ ਇੱਕ ਹਿੱਸਾ ਫੜੇ ਗਏ ਅਪਰਾਧੀ ਬਿੱਲਾ ਮੰਡਿਆਲਾ ਨਾਲ ਸਬੰਧਤ ਸੀ।
ਇਸ ਤੋਂ ਇਲਾਵਾ, ਬਿੱਲਾ ਮੰਡਿਆਲਾ ਤੋਂ ਬਰਾਮਦ ਕੀਤੇ ਗਏ ਜ਼ਿਆਦਾਤਰ ਹਥਿਆਰ ਵੀ ਭਾਰਤ-ਪਾਕਿ ਸਰਹੱਦ ਤੋਂ ਆਏ ਸਨ ਅਤੇ ਪੁਲਿਸ ਨਾਜਾਇਜ਼ ਹਥਿਆਰਾਂ ਦੀ ਸਪਲਾਈ ਚੇਨ ਵਿਚ ਅੱਤਵਾਦੀਆਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਸੀ ਜੋ ਕਿ ਅਜੇ ਵੀ ਜਾਂਚ ਦਾ ਹਿੱਸਾ ਹੈ ਜਿਸ ਦਾ ਪੁਲਿਸ ਨੂੰ ਪਾਕਿਸਤਾਨ ਅਧਾਰਿਤ ਅੱਤਵਾਦੀ ਸਮੂਹ ਨਾਲ ਸ਼ਾਮਲ ਹੋਣ ਦਾ ਸ਼ੱਕ ਸੀ।
ਡੀਜੀਪੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ਼ ਗੋਰਾ ਇਕ ਹੋਰ ਬਦਨਾਮ ਗੈਂਗਸਟਰ ਬਲਜਿੰਦਰ ਸਿੰਘ ਉਰਫ਼ ਬਿੱਲਾ ਦੁਆਰਾ ਚਲਾਇਆ ਜਾਂਦਾ ਬਿੱਲਾ ਗੈਂਗ ਦਾ ਮੈਂਬਰ ਸੀ, ਜੋ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ। ਆਪਣੇ ਸਰਪ੍ਰਸਤ ਜ਼ਰੀਏ, ਗੋਰਾ ਪਾਕਿਸਤਾਨ ਅਧਾਰਤ ਨਾਜਾਇਜ਼ ਹਥਿਆਰਾਂ ਦੇ ਤਸਕਰਾਂ ਦੇ ਸੰਪਰਕ ਵਿੱਚ ਸੀ ਅਤੇ ਭਾਰਤ ਵਿੱਚ ਵਿਦੇਸ਼ੀ ਹਥਿਆਰਾਂ ਦੀ ਤਸਕਰੀ ਲਈ ਉਨ੍ਹਾਂ ਨਾਲ ਲੈਣ-ਦੇਣ ਕਰਦਾ ਸੀ।
ਗੁਪਤਾ ਨੇ ਕਿਹਾ ਕਿ ਇਹ ਗਿਰੋਹ ਹਾਈਵੇ ਕਾਰ ਚੋਰੀ ਦੀਆਂ ਵਾਰਦਾਤਾਂ, ਫਿਰੌਤੀ ਅਤੇ ਗੁੰਡਾਗਰਦੀ ਦੇ ਕਈ ਮਾਮਲਿਆਂ ਵਿਚ ਸ਼ਾਮਲ ਸੀ, ਉਸ ਨੇ ਕਿਹਾ ਕਿ ਉਸਦੇ ਖਿਲਾਫ਼ ਦਰਜ ਮਾਮਲਿਆਂ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਗੋਰਾ ਨੰਦੇੜ, ਪੂਨੇ ਅਤੇ ਹਿਮਾਚਲ ਪ੍ਰਦੇਸ਼ ਦੇ ਇਕ ਗੁਰਦੁਆਰੇ ਵਿਚ ਗੁਪਤ ਢੰਗ ਨਾਲ ਰਹਿੰਦਾ ਸੀ।
ਗੁਪਤਾ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਤੋਂ ਬਰਾਮਦ ਕੀਤੀ ਗਈ ਵਰਨਾ ਕਾਰ ਜਰਮਨਜੀਤ ਸਿੰਘ ਦੀ ਹੈ, ਜੋ ਗੁਰਪ੍ਰੀਤ ਨੂੰ ਪੁਲਿਸ ਤੋਂ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਸੀ ਅਤੇ ਉਹ ਅਪਰਾਧ ਲਈ ਉਸ ਨੂੰ ਵਾਹਨ ਮੁਹੱਈਆ ਕਰਵਾਉਂਦਾ ਸੀ।
ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਖ਼ਿਲਾਫ਼ ਭੋਗਪੁਰ ਥਾਣੇ ਵਿੱਚ ਧਾਰਾ 392, 212, 216 ਏ, 506, ਅਤੇ 120-ਬੀ ਅਤੇ ਆਰਮਜ਼ ਐਕਟ ਦੀਆਂ 25, 27 ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।