IELTS ਦਾ ਕੋਰਸ ਕਰਵਾਉਣ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ, 40 ਹਜ਼ਾਰ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਟ੍ਰੇਨਿੰਗ

0
35628

ਚੰਡੀਗੜ੍ਹ | ਸੂਬੇ ਦੇ ਨੌਜਵਾਨਾਂ ਨੂੰ ਮਿਆਰੀ ਅਤੇ ਵਿਸ਼ਵ ਪੱਧਰੀ ਸਿੱਖਿਆ ਦੇਣ ਲਈ ਪੰਜਾਬ ਸਰਕਾਰ ਨੇ ਕੈਂਬਰਿਜ਼ ਯੂਨੀਵਰਸਿਟੀ ਪ੍ਰੈਸ ਇੰਡੀਆ ਦੇ ਨਾਲ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ਰਾਹੀਂ ਆਈਲੈਟਸ ਦੀ ਕੋਚਿੰਗ ਦੇਣ ਦਾ ਨਵਾਂ ਵਿਚਾਰ ਸ਼ੁਰੂ ਕੀਤਾ ਹੈ।

ਕੈਂਬ੍ਰਿਜ ਯੂਨੀਵਰਸਿਟੀ ਪ੍ਰੈਸ ਇੰਡੀਆ, ਕੈਂਬ੍ਰਿਜ ਯੂਨੀਵਰਸਿਟੀ ਪ੍ਰੈਸ ਯੂਕੇ ਦੀ ਇੱਕ ਸਹਾਇਕ ਕੰਪਨੀ ਹੈ, ਜੋ ਕਿ ਕੈਂਬ੍ਰਿਜ ਦਾ ਪ੍ਰਕਾਸ਼ਨ ਕਾਰੋਬਾਰ ਹੈ ਅਤੇ ਵਿਦਿਅਕ ਕੋਰਸਾਂ ਅਤੇ ਸਿੱਖਿਆ ਸਮੱਗਰੀ ਨੂੰ ਵਿਕਸਤ ਅਤੇ ਪ੍ਰਕਾਸ਼ਤ ਕਰਦੀ ਹੈ।

ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਹਰ ਸਾਲ ਲਗਭਗ 6 ਲੱਖ ਪੰਜਾਬੀ ਵਿਦਿਆਰਥੀ ਆਈਲੈਟਸ ਦੀ ਤਿਆਰੀ ਕਰਦੇ ਹਨ ਅਤੇ ਅਜਿਹੇ ਵਿਦਿਆਰਥੀਆਂ ਲਈ ਨਵੇਂ ਵਿਦਿਅਕ ਮੌਕੇ ਖੋਜਣਾ ਹੀ ਸਮੇਂ  ਦੀ ਮੰਗ ਹੈ। ਇਸ ਪਹਿਲਕਦਮੀ ਦਾ ਉਦੇਸ਼ ਸੂਬੇ ਵਿੱਚ ਇੱਕ ਅਜਿਹਾ ਮਾਹੌਲ ਸਿਰਜਣਾ ਹੈ ਜਿੱਥੇ ਸਾਡੇ ਵਿਦਿਆਰਥੀਆਂ ਦੀ ਸਮਰੱਥਾ ਨੂੰ ਵਿਸ਼ਵ ਪੱਧਰੀ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਜੇ ਪੂਰੇ ਵਿਸ਼ਵ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਨੌਜਵਾਨ ਆਬਾਦੀ ਸਭ ਤੋਂ ਵੱਧ ਹੈ ਅਤੇ ਇਸ ਨੂੰ ਵਿਲੱਖਣ ਸਿੱਖਿਆ ਦੀ ਲੋੜ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਮਝੌਤੇ ਵਿੱਚ ਇੱਕ ਅਧਿਕਾਰਤ ਪ੍ਰੀਖਿਆ ਕੇਂਦਰ ਰਾਹੀਂ ਟ੍ਰੇਨਰਾਂ ਲਈ ਇੱਕ ਅਧਿਆਪਕ ਸਿਖਲਾਈ ਪ੍ਰੋਗਰਾਮ ਸ਼ਾਮਲ ਹੈ ਅਤੇ ਯੂਨੀਵਰਸਿਟੀ ਵੱਲੋਂ ਟੀਚਿੰਗ ਮਾਡਿਊਲ ਦੇ ਨਾਲ-ਨਾਲ ਸਮੱਗਰੀ ਅਤੇ ਅਧਿਆਪਨ ਭਾਗੀਦਾਰਾਂ ਵੀ ਪ੍ਰਦਾਨ ਕੀਤੇ ਜਾਣਗੇ।

ਇਸ ਸਮਝੌਤੇ ਮੁਤਾਬਿਕ ਲਗਭਗ 40000 ਨੌਜਵਾਨਾਂ ਨੂੰ  ਸਿੱਖਿਅਤ ਅਤੇ ਪ੍ਰਮਾਣਿਤ ਟ੍ਰੇਨਰਾਂ ਵਲੋਂ ਸਰਕਾਰੀ ਤਕਨੀਕੀ ਸੰਸਥਾਵਾਂ ਵਿੱਚ ਆਈਲੈਟਸ ਦੀ ਕੋਚਿੰਗ ਅਤੇ ਸਿਖਲਾਈ ਦਿੱਤੀ ਜਾਵੇਗੀ।