ਚੰਡੀਗੜ੍ਹ, 26 ਜਨਵਰੀ | ਅੱਜ ਗਣਤੰਤਰ ਦਿਵਸ ਮੌਕੇ ਪੰਜਾਬੀ ਅਦਾਕਾਰਾ ਅਤੇ ਪ੍ਰੋ. ਨਿਰਮਲ ਰਿਸ਼ੀ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਣ ਜਾ ਰਿਹਾ ਹੈ। ਉਨ੍ਹਾਂ ਨੂੰ ਦੇਰ ਰਾਤ ਹੀ ਪਤਾ ਲੱਗਾ ਕਿ ਉਨ੍ਹਾਂ ਨੂੰ ਇਹ ਐਵਾਰਡ ਦਿੱਲੀ ‘ਚ ਮਿਲੇਗਾ। ਪ੍ਰੋ. ਨਿਰਮਲ ਰਿਸ਼ੀ ਲੁਧਿਆਣਾ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਭਾਰਤ ਸਰਕਾਰ ਉਨ੍ਹਾਂ ਨੂੰ ਪਦਮ ਸ਼੍ਰੀ ਐਵਾਰਡ ਦੇਣ ਜਾ ਰਹੀ ਹੈ ਤਾਂ ਉਹ ਇਕ ਫਿਲਮ ਦੀ ਸ਼ੂਟਿੰਗ ‘ਚ ਸਨ।
ਰਿਸ਼ੀ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਪਦਮਸ਼੍ਰੀ ਵਰਗਾ ਪੁਰਸਕਾਰ ਦੇਣ ਦੇ ਯੋਗ ਸਮਝਿਆ ਅਤੇ ਉਹ ਸਰਕਾਰ ਦੇ ਵੀ ਧੰਨਵਾਦੀ ਹਨ। ਰਿਸ਼ੀ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਸਾਰੀ ਜ਼ਿੰਦਗੀ ਦੀ ਮਿਹਨਤ ਰੰਗ ਲਿਆਈ ਹੈ। ਉਸ ਨੂੰ ਮਾਣ ਹੈ ਕਿ ਉਹ ਆਪਣੇ ਪੰਜਾਬ ਦਾ ਨਾਂ ਰੌਸ਼ਨ ਕਰ ਰਹੀ ਹੈ।
ਨਿਰਮਲ ਰਿਸ਼ੀ ਦਾ ਜਨਮ ਮਾਨਸਾ ਵਿਚ ਹੋਇਆ ਸੀ। ਉਸ ਨੂੰ ਸਕੂਲ ਦੇ ਦਿਨਾਂ ਤੋਂ ਹੀ ਭੰਗੜਾ ਅਤੇ ਨਾਟਕ ਦਾ ਸ਼ੌਕ ਸੀ। ਨਿਰਮਲ ਨੂੰ ਇਹ ਨਾਂ ਉਸ ਦੇ ਪਿੰਡ ਦੇ ਪਟਵਾਰੀ ਨੇ ਦਿੱਤਾ ਸੀ। ਰਿਸ਼ੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1960 ਵਿਚ ਇਕ ਥੀਏਟਰ ਕਲਾਕਾਰ ਵਜੋਂ ਕੀਤੀ ਸੀ। ਉਸਨੇ ਪਟਿਆਲਾ ਵਿਚ ਆਪਣੇ ਗੁਰੂ ਹਰਪਾਲ ਟਿਵਾਣਾ ਤੋਂ ਅਦਾਕਾਰੀ ਦੀ ਸਿਖਲਾਈ ਪ੍ਰਾਪਤ ਕੀਤੀ। ਉਹ ਖ਼ਾਲਸਾ ਕਾਲਜ ਫ਼ਾਰ ਵੂਮੈਨ, ਲੁਧਿਆਣਾ ਵਿਖੇ ਵੀ ਪੜ੍ਹਾ ਚੁੱਕੇ ਹਨ। ਰਿਸ਼ੀ ਨੇ ਉੱਚਾ ਦਰ ਬਾਬੇ ਨਾਨਕ ਦਾ, ਲੌਂਗ ਦਾ ਲਿਸ਼ਕਾਰਾ, ਓ ਮਾਈ ਪਿਓ, ਅੰਗਰੇਜ਼ ਆਦਿ ਪੰਜਾਬੀ ਫਿਲਮਾਂ ਵਿਚ ਆਪਣੀ ਭੂਮਿਕਾ ਨਿਭਾਈ ਹੈ।







































