ਉੱਤਰ ਪ੍ਰਦੇਸ਼, 13 ਸਤੰਬਰ | ਪ੍ਰਯਾਗਰਾਜ ਦੇ ਨਵਾਬਗੰਜ ਇਲਾਕੇ ਦੇ ਬਾਰਾਈ ਹਰਖ ਪਿੰਡ ‘ਚ ਸਾਈਕਲ ਪੰਕਚਰ ਦੀ ਛੋਟੀ ਜਿਹੀ ਦੁਕਾਨ ਚਲਾਉਣ ਵਾਲੇ ਸ਼ਹਿਜ਼ਾਦ ਅਹਿਮਦ ਦਾ ਪੁੱਤਰ ਜੱਜ ਬਣ ਗਿਆ ਹੈ। ਯੂਪੀ ਵਿੱਚ ਪੀਸੀਐਸ-J ਭਰਤੀ ਦੇ ਨਤੀਜੇ 30 ਅਗਸਤ ਨੂੰ ਜਾਰੀ ਕੀਤੇ ਗਏ ਸਨ। ਉਸ ਵਿਚ ਅਹਿਦ ਅਹਿਮਦ ਨੇ 157ਵਾਂ ਰੈਂਕ ਹਾਸਲ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਅਹਿਦ ਨੇ ਇਹ ਸਫਲਤਾ ਪਹਿਲੀ ਹੀ ਕੋਸ਼ਿਸ਼ ਵਿਚ ਹਾਸਲ ਕੀਤੀ ਹੈ।
ਅਹਿਦ ਦੀ ਸਫ਼ਲਤਾ ਇਸ ਲਈ ਵੀ ਮਾਇਨੇ ਰੱਖਦੀ ਹੈ ਕਿਉਂਕਿ ਸਾਈਕਲ ਦੇ ਟਾਇਰਾਂ ਦੀ ਮੁਰੰਮਤ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲੇ ਉਸ ਦੇ ਪਿਤਾ ਅਤੇ ਉਸ ਦੀ ਮਾਂ ਨੇ ਕੱਪੜੇ ਸਿਲਾਈ ਕਰਕੇ ਉਸ ਨੂੰ ਦਿਨ-ਰਾਤ ਮਿਹਨਤ ਕਰਕੇ ਪੜ੍ਹਾਇਆ। ਕੁਝ ਸਾਲ ਪਹਿਲਾਂ ਤੱਕ ਉਹ ਆਪਣੇ ਪਿਤਾ ਨਾਲ ਸਾਈਕਲਾਂ ਦੀ ਮੁਰੰਮਤ ਕਰਦਾ ਸੀ ਅਤੇ ਕਈ ਵਾਰ ਔਰਤਾਂ ਦੇ ਕੱਪੜੇ ਸਿਲਾਈ ਕਰਨ ਵਿਚ ਆਪਣੀ ਮਾਂ ਦੀ ਮਦਦ ਕਰਦਾ ਸੀ ਪਰ ਹੁਣ ਉਹ ਜੱਜ ਬਣ ਗਿਆ ਹੈ।
ਪੂਰੇ ਇਲਾਕੇ ‘ਚ ਅਹਿਦ ਅਹਿਮਦ ਦੀ ਸਫਲਤਾ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਹੈ ਅਤੇ ਉਸ ਨੂੰ ਉਸ ਦੀ ਸਫਲਤਾ ‘ਤੇ ਵਧਾਈਆਂ ਦੇ ਰਿਹਾ ਹੈ।
ਅਹਿਦ ਨੇ ਅਪਰ ਪ੍ਰਾਇਮਰੀ ਸਕੂਲ ਤੋਂ ਅੱਠਵੀਂ ਜਮਾਤ ਤੱਕ ਦੀ ਪੜ੍ਹਾਈ ਇਸੇ ਪਿੰਡ ਵਿਚ ਹੀ ਪੂਰੀ ਕੀਤੀ, ਜਿਸ ਤੋਂ ਬਾਅਦ ਉਹ ਅਗਲੇਰੀ ਪੜ੍ਹਾਈ ਲਈ ਪ੍ਰਯਾਗਰਾਜ ਸ਼ਹਿਰ ਚਲਾ ਗਿਆ, ਜਿਥੇ ਉਸਨੇ 2012 ਵਿਚ ਸਰਕਾਰੀ ਇੰਟਰ ਕਾਲਜ ਤੋਂ 12ਵੀਂ ਦੀ ਪ੍ਰੀਖਿਆ ਪਾਸ ਕੀਤੀ। ਇਸ ਤੋਂ ਬਾਅਦ ਉਸਨੇ ਇਲਾਹਾਬਾਦ ਕੇਂਦਰੀ ਯੂਨੀਵਰਸਿਟੀ ਤੋਂ ਬੀਏ ਕੀਤੀ ਅਤੇ ਇੱਥੋਂ LLB ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਸ ਨੇ ਇਲਾਹਾਬਾਦ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ।