ਮਾਣ ਵਾਲੀ ਗੱਲ : ਅਮਰੀਕਾ ਦੇ ਵਰਜੀਨੀਆ ’ਚ ਸਿੱਖ ਧਰਮ ਨੂੰ ਸਕੂਲੀ ਪਾਠਕ੍ਰਮ ‘ਚ ਕੀਤਾ ਗਿਆ ਸ਼ਾਮਲ

0
1768

ਨਿਊਯਾਰਕ | ਅਮਰੀਕਾ ਦੇ ਵਰਜੀਨੀਆ ਵਿਚ 10 ਲੱਖ ਤੋਂ ਵੱਧ ਵਿਦਿਆਰਥੀ ਹੁਣ ਆਪਣੇ ਸਕੂਲ ਦੀਆਂ ਪਾਠ ਪੁਸਤਕਾਂ ਵਿਚੋਂ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ। ਸੂਬੇ ਨੇ ਨਵੇਂ ਸਮਾਜਿਕ ਅਧਿਐਨ ਮਿਆਰਾਂ ਦੇ ਹੱਕ ਵਿਚ ਵੋਟ ਪਾਈ ਹੈ, ਜਿਸ ਤੋਂ ਬਾਅਦ ਸਿੱਖ ਧਰਮ ਨੂੰ ਪਹਿਲੀ ਵਾਰ ਸਕੂਲੀ ਪਾਠਕ੍ਰਮ ਵਿਚ ਸ਼ਾਮਲ ਕੀਤਾ ਜਾਵੇਗਾ।

ਸਿੱਖ ਕੁਲੀਸ਼ਨ ਦੇ ਸੀਨੀਅਰ ਐਜੂਕੇਸ਼ਨ ਮੈਨੇਜਰ ਹਰਮਨ ਸਿੰਘ ਨੇ ਕਿਹਾ ਕਿ ਦੋ ਸਾਲਾਂ ਤੋਂ ਵੱਧ ਸਮੇਂ ਤੱਕ ਸਥਾਨਕ ਸੰਗਤ ਨਾਲ ਕੰਮ ਕਰਨ ਤੋਂ ਬਾਅਦ, ਇਹ ਯਕੀਨੀ ਬਣਾਇਆ ਜਾਵੇਗਾ ਕਿ ਸਿੱਖੀ ਨੂੰ ਵਰਜੀਨੀਆ ਦੇ ਕਲਾਸਰੂਮਾਂ ਵਿਚ ਪੜ੍ਹਾਇਆ ਜਾ ਸਕੇ।

ਵਰਜੀਨੀਆ, ਸਮਾਜਿਕ ਅਧਿਐਨ ਪਾਠਕ੍ਰਮ ਵਿਚ ਸਿੱਖ ਧਰਮ, ਸਿੱਖ ਰਵਾਇਤਾਂ ਅਤੇ ਪਰੰਪਰਾਵਾਂ ਬਾਰੇ ਜਾਣਕਾਰੀ ਸ਼ਾਮਲ ਕਰਨ ਵਾਲਾ ਅਮਰੀਕਾ ਦਾ 17ਵਾਂ ਸੂਬਾ ਬਣ ਗਿਆ ਹੈ। ਯੂਐਸ ਵਰਜੀਨੀਆ ਸਟੇਟ ਬੋਰਡ ਆਫ਼ ਐਜੂਕੇਸ਼ਨ ਨੇ ਇਤਿਹਾਸ ਅਤੇ ਸਮਾਜਿਕ ਵਿਗਿਆਨ ਦੇ ਨਵੇਂ ਮਿਆਰਾਂ ਦੇ ਹੱਕ ਵਿਚ ਵੋਟ ਦਿੱਤੀ। ਸਿੱਖ ਸੁਸਾਇਟੀ ਨੇ ਕਿਹਾ ਕਿ ਇਸ ਉਪਰਾਲੇ ਤੋਂ ਬਾਅਦ 10 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਸਿੱਖ ਕੌਮ ਬਾਰੇ ਜਾਣਨ ਦਾ ਮੌਕਾ ਮਿਲੇਗਾ।

ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਸਿੱਖ ਕੌਮ ਲਈ ਹੀ ਨਹੀਂ ਬਲਕਿ ਉਨ੍ਹਾਂ ਸਾਰੇ ਸਮੂਹਾਂ ਲਈ ਲੜਦੇ ਰਹਾਂਗੇ ਜਿਨ੍ਹਾਂ ਦਾ ਇਤਿਹਾਸ ਸਹੀ ਢੰਗ ਨਾਲ ਪੜ੍ਹਾਇਆ ਜਾਣਾ ਚਾਹੀਦਾ ਹੈ। ਸਿੱਖ ਧਰਮ ਦੁਨੀਆ ਦੇ ਸਭ ਤੋਂ ਵੱਡੇ ਧਰਮਾਂ ਵਿਚੋਂ ਇਕ ਹੈ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਨਾਗਰਿਕ ਅਧਿਕਾਰਾਂ, ਰਾਜਨੀਤੀ, ਖੇਤੀਬਾੜੀ, ਇੰਜੀਨੀਅਰਿੰਗ ਅਤੇ ਦਵਾਈ ਦੇ ਖੇਤਰਾਂ ਵਿਚ 125 ਸਾਲਾਂ ਤੋਂ ਅਮਰੀਕੀ ਸਮਾਜ ਵਿਚ ਯੋਗਦਾਨ ਪਾਇਆ ਹੈ।