ਜਲੰਧਰ, 24 ਦਸੰਬਰ | ਨਗਰ ਨਿਗਮ ਚੋਣਾਂ ਵਿਚ ਬਹੁਮਤ ਨਾ ਮਿਲਣ ਤੋਂ ਬਾਅਦ ਕਾਂਗਰਸ ਦੇ ਦੋ ਕੌਂਸਲਰਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰ ਲਿਆ ਗਿਆ। ਇਸ ਤੋਂ ਨਾਰਾਜ਼ ਕਾਂਗਰਸੀਆਂ ਨੇ ਅੱਜ ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ ਦੀ ਪਤਨੀ ਅਨੀਤਾ ਰਾਜਾ ਨੂੰ ਕਾਂਗਰਸ ਵੱਲੋਂ ਦਿੱਤੀ ਟਿਕਟ ‘ਤੇ ਹਰਾਉਣ ਵਾਲੇ ਪ੍ਰਵੀਨ ਵਾਸਨ ਦੇ ਘਰ ਦੇ ਬਾਹਰ ਮੈਟ ਵਿਛਾ ਕੇ ਵਿਜੇ ਨਗਰ ‘ਚ ਧਰਨਾ ਦਿੱਤਾ।
ਪੁਲਿਸ ਨਾਲ ਥੋੜੀ ਦੇਰ ਦੀ ਗਰਮਾ-ਗਰਮੀ ਤੋਂ ਬਾਅਦ ਉਕਤ ਧਰਨਾ ਘਰ ਤੋਂ ਥੋੜੀ ਦੂਰ ਜਾ ਕੇ ਲਗਾਇਆ ਗਿਆ ਪਰ ਇਸ ਦੌਰਾਨ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਅਤੇ ਏ.ਸੀ.ਪੀ ਕੇਂਦਰੀ ਨਿਰਮਲ ਸਿੰਘ ਵਿਚਕਾਰ ਗਰਮਾ-ਗਰਮ ਬਹਿਸ ਹੋ ਗਈ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਦੱਸ ਦੇਈਏ ਕਿ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਸੀ ਕਿ ਉਹ ਪਾਰਟੀ ਛੱਡ ਚੁੱਕੇ ਕੌਂਸਲਰਾਂ ਨਾਲ ਗੱਲ ਕਰ ਕੇ ਉਨ੍ਹਾਂ ਦਾ ਅਸਤੀਫਾ ਮੰਗਣਗੇ। ਅੱਜ ਉਕਤ ਗੱਲਬਾਤ ਲਈ ਕਾਂਗਰਸੀ ਆਗੂ ਤੇ ਕੌਂਸਲਰ ਦੁਪਹਿਰ 1 ਵਜੇ ਦੇ ਕਰੀਬ ਪ੍ਰਵੀਨ ਵਾਸਨ ਦੇ ਘਰ ਪੁੱਜੇ ਸਨ, ਜਿਸ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਪ੍ਰਵੀਨ ਦੇ ਘਰ ਦੇ ਬਾਹਰ ਧਰਨਾ ਦਿੱਤਾ। ਸਾਰੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਸੈਂਟਰਲ ਨਿਰਮਲ ਸਿੰਘ, ਥਾਣਾ ਡਵੀਜ਼ਨ ਨੰਬਰ 4 ਦੇ ਐਸਐਚਓ ਸੁਖਦੇਵ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ, ਜਿਸ ਤੋਂ ਬਾਅਦ ਉਕਤ ਧਰਨਾ ਪ੍ਰਵੀਨ ਦੇ ਘਰ ਤੋਂ 100 ਮੀਟਰ ਦੂਰ ਲਿਜਾਇਆ ਗਿਆ।