ਗੁਰਦਾਸਪੁਰ (ਜਸਵਿੰਦਰ ਬੇਦੀ) | ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਈ ਕਾਰਨ ਇਕ ਸਰਕਾਰੀ ਸਕੂਲ ਦੀ ਅਧਿਆਪਕਾ ਦੀ ਮੌਤ ਹੋ ਗਈ ਹੈ।
ਪਰਿਵਾਰਕ ਮੈਬਰਾਂ ਨੇ ਡਾਕਟਰ ਉੱਪਰ ਲਾਪਰਵਾਈ ਅਤੇ ਗਲਤ ਇੰਜੈਕਸ਼ਨ ਲਗਾਉਣ ਦੇ ਇਲਜਾਮ ਲਗਾ ਕੇ ਹੰਗਾਮਾ ਕੀਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ 2 ਡਾਕਟਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇੱਕ ਡਾਕਟਰ ਫਰਾਰ ਦੱਸਿਆ ਜਾ ਰਿਹਾ ਹੈ।
ਮ੍ਰਿਤਕ ਪ੍ਰੀਮਲਜੀਤ ਕੌਰ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਬੇਟੀ ਨੂੰ ਪੱਥਰੀ ਦੀ ਸਮੱਸਿਆ ਸੀ ਜਿਸ ਕਰਕੇ ਉਸਨੂੰ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ। ਸਾਰੇ ਟੈੱਸਟ ਨੌਰਮਲ ਸਨ ਤੇ ਅੱਜ ਡਾਕਟਰ ਆਪ੍ਰੇਸ਼ਨ ਕਰਨਾ ਸੀ। ਲੜਕੀ ਨੂੰ ਬੇਹੋਸ਼ ਕਰਨ ਲਈ ਜੋ ਇੰਜੈਕਸ਼ਨ ਜੋ ਕਿ ਕਿਸੇ ਮਾਹਰ ਡਾਕਟਰ ਵੱਲੋਂ ਲਗਾਇਆ ਜਾਣਾ ਸੀ ਉਹ ਡਾਕਟਰ ਨੇ ਖੁੱਦ ਲਗਾ ਦਿੱਤਾ। ਬੇਹੋਸ਼ੀ ਦੇ ਟੀਕੇ ਦੀ ਡੋਜ਼ ਜਿਆਦਾ ਹੋਣ ਨਾਲ ਲੜਕੀ ਦੀ ਦਿਲ ਦੀ ਧੜਕਨ ਬੰਦ ਹੋ ਗਈ ਅਤੇ ਉਸ ਦੀ ਮੌਤ ਹੋ ਗਈ।
ਡਾਕਟਰ ਹਰਭਜਨ ਸਿੰਘ ਭਾਟੀਆ ਨੇ ਕਿਹਾ ਕਿ ਮਹਿਲਾ ਦੀ ਮੌਤ ਦਿਲ ਦੀ ਧੜਕਣ ਬੰਦ ਹੋਣ ਕਾਰਨ ਹੋਈ ਹੈ। ਡਾਕਟਰ ਨੇ ਇਹ ਜ਼ਰੂਰ ਮੰਨਿਆ ਕਿ ਐਕਸਪਰਟ ਡਾਕਟਰ ਕੋਲ ਨਾ ਹੋਣ ਕਾਰਨ ਉਨ੍ਹਾਂ ਐਨਸਥੀਸੀਆ ਦਾ ਇੰਜੈਕਸ਼ਨ ਖੁਦ ਲਗਾਇਆ ਸੀ। ਐਮਡੀ ਡਾਕਟਰ ਵੀ ਇੰਜੈਕਸ਼ਨ ਲਗਾ ਸਕਦਾ ਹੈ।
ਸਿਟੀ ਥਾਣਾ ਮੁੱਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ ਉੱਤੇ ਹਸਪਤਾਲ ਦੇ ਡਾਕਟਰ ਹਰਭਜਨ ਸਿੰਘ ਭਾਟੀਆ ਅਤੇ ਉਸ ਦੇ ਡਾਕਟਰ ਬੇਟੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹ। ਡਾਕਟਰ ਮਨਜੀਤ ਬੱਬਰ ਮੌਕੇ ਤੋਂ ਫਰਾਰ ਹੋ ਗਏ ਜਿਸ ਨੂੰ ਜਲਦ ਫੜ੍ਹ ਲਿਆ ਜਾਵੇਗਾ।
(Note : ਖਬਰਾਂ ਦੇ ਅਪਡੇਟਸ ਆਪਣੇ Whatsapp ‘ਤੇ ਮੰਗਵਾਉਣ ਲਈ ਲਿੰਕ ‘ਤੇ ਕਲਿੱਕ ਕਰਕੇ ਪੰਜਾਬੀ ਬੁਲੇਟਿਨ ਦੇ ਗਰੁੱਪ ਨਾਲ ਜੁੜੋ ਖਬਰਾਂ ਦੇ ਲੇਟੇਸਟ ਵੀਡੀਓ ਵੇਖਣ ਲਈ ਸਾਡੇ Facebook ਪੇਜ ਨਾਲ ਵੀ ਜੁੜੋ )