ਪ੍ਰਧਾਨ ਮੰਤਰੀ ਨਰੇਂਦਰ ਮੋਦੀ 1 ਫਰਵਰੀ ਨੂੰ ਆਉਣਗੇ ਪੰਜਾਬ, ਜਲੰਧਰ ਦੇ ਡੇਰਾ ਬੱਲਾਂ ਵਿਖੇ ਹੋਣਗੇ ਨਤਮਸਤਕ

0
239

ਜਲੰਧਰ, 27 ਜਨਵਰੀ | ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 1 ਫਰਵਰੀ ਨੂੰ ਪੰਜਾਬ ਫੇਰੀ ‘ਤੇ ਆ ਰਹੇ ਹਨ। ਪ੍ਰਧਾਨ ਮੰਤਰੀ ਦੀ ਇਹ ਫੇਰੀ ਗੁਰੂ ਰਵਿਦਾਸ ਜਯੰਤੀ ਨੂੰ ਸਮਰਪਿਤ ਹੈ, ਜਿਸ ਦੌਰਾਨ ਉਹ ਜਲੰਧਰ ਸਥਿਤ ਰਵਿਦਾਸੀਆ ਭਾਈਚਾਰੇ ਦੇ ਪ੍ਰਮੁੱਖ ਧਾਰਮਿਕ ਅਸਥਾਨ ‘ਸੱਚਖੰਡ ਡੇਰਾ ਬੱਲਾਂ’ ਵਿਖੇ ਨਤਮਸਤਕ ਹੋਣਗੇ।

ਕੇਂਦਰ ਸਰਕਾਰ ਵੱਲੋਂ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਨੂੰ ਹਾਲ ਹੀ ‘ਚ ‘ਪਦਮ ਸ਼੍ਰੀ’ ਪੁਰਸਕਾਰ ਦੇਣ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਇਹ ਦੌਰਾ ਸਿਆਸੀ ਅਤੇ ਧਾਰਮਿਕ ਪੱਖੋਂ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੰਤ ਨਿਰੰਜਨ ਦਾਸ ਨੇ ਪਿਛਲੇ ਮਹੀਨੇ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਗੁਰੂ ਰਵਿਦਾਸ ਜਯੰਤੀ ਸਮਾਗਮਾਂ ਲਈ ਸੱਦਾ ਦਿੱਤਾ ਸੀ।

ਪ੍ਰਧਾਨ ਮੰਤਰੀ ਦੀ ਆਮਦ ਨੂੰ ਮੁੱਖ ਰੱਖਦਿਆਂ ਜਲੰਧਰ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਸੂਤਰਾਂ ਮੁਤਾਬਕ ਡੇਰਾ ਬੱਲਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਸੁਰੱਖਿਆ ਘੇਰੇ ਵਿੱਚ ਲੈ ਲਿਆ ਗਿਆ ਹੈ। ਦੋਆਬਾ ਖੇਤਰ, ਜੋ ਕਿ ਰਵਿਦਾਸੀਆ ਭਾਈਚਾਰੇ ਦਾ ਗੜ੍ਹ ਮੰਨਿਆ ਜਾਂਦਾ ਹੈ, ਵਿੱਚ ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ ਦਾ ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਪੰਜਾਬ ਵਿੱਚ ਵੱਖ-ਵੱਖ ਮੁੱਦਿਆਂ ‘ਤੇ ਸਿਆਸੀ ਗਰਮਾ-ਗਰਮੀ ਜਾਰੀ ਹੈ। ਡੇਰਾ ਬੱਲਾਂ ਵਿਖੇ ਨਤਮਸਤਕ ਹੋਣ ਤੋਂ ਇਲਾਵਾ ਪ੍ਰਧਾਨ ਮੰਤਰੀ ਵੱਲੋਂ ਭਾਈਚਾਰੇ ਲਈ ਕੋਈ ਵੱਡਾ ਐਲਾਨ ਕੀਤੇ ਜਾਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।