ਪੰਜਾਬ ‘ਚ ਗੈਰ-ਕਾਨੂੰਨੀ ਹਥਿਆਰਾਂ ਦਾ ਪ੍ਰਚਲਨ ਵਧਿਆ : ਪੜ੍ਹੋ ਸਰਹੱਦ ਪਾਰ ਦੀ ਬਜਾਏ ਗੈਂਗਸਟਰ ਕਿਥੋਂ ਲਿਆ ਰਹੇ ਸਸਤੇ ਹਥਿਆਰ

0
1061
ਚੰਡੀਗੜ੍ਹ | ਪੰਜਾਬ ਵਿਚ ਚੱਲ ਰਹੇ ਗੈਂਗ ਅਤੇ ਅੱਤਵਾਦੀ ਮਡਿਊਲਾਂ ਨਾਲ ਜੁੜੇ ਮੁਲਜ਼ਮ ਪਾਕਿਸਤਾਨ ਅਤੇ ਚੀਨ ਤੋਂ ਤਸਕਰੀ ਕੀਤੇ ਹਥਿਆਰਾਂ ਨਾਲੋਂ ਦੇਸੀ ਹਥਿਆਰਾਂ ਨੂੰ ਤਰਜੀਹ ਦੇ ਰਹੇ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਆਸਾਨੀ ਨਾਲ ਮਿਲਣ ਅਤੇ ਸਸਤੇ ਭਾਅ ਹੋਣ ਕਾਰਨ ਦੇਸੀ ਹਥਿਆਰਾਂ ਦੀ ਵਰਤੋਂ ਕਰ ਰਹੇ ਹਨ।
ਪਹਿਲਾਂ ਗੈਂਗ ਅਤੇ ਅੱਤਵਾਦੀ ਮਡਿਊਲ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਕਰਦੇ ਸਨ, ਜੋ ਕਿ ਇਕ ਔਖਾ ਰਸਤਾ ਸੀ। ਹੁਣ ਗੈਂਗ ਅਤੇ ਅੱਤਵਾਦੀ ਮਡਿਊਲ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਕਰ ਰਹੇ ਹਨ, ਜੋ ਕਿ 15 ਹਜ਼ਾਰ ਤੋਂ 45 ਹਜ਼ਾਰ ਰੁਪਏ ਤੱਕ ਮਿਲਦੇ ਹਨ। ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.) ਲੁਧਿਆਣਾ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਹਥਿਆਰ ਬਣਾਉਣ ਵਿਚ ਸ਼ਾਮਲ ਮੁਲਜ਼ਮਾਂ ਨੇ ਮੁਹਾਰਤ ਹਾਸਲ ਕਰ ਲਈ ਹੈ ਅਤੇ ਹਥਿਆਰ ਵੇਚਣ ਦਾ ਨੈੱਟਵਰਕ ਬਣਾਇਆ ਹੋਇਆ ਹੈ।
ਆਈਜੀ ਸ਼ਰਮਾ ਨੇ ਦੱਸਿਆ ਕਿ ਉਹ ਇਸ ਨੈੱਟਵਰਕ ਨੂੰ ਤੋੜਨ ਅਤੇ ਗੈਰ-ਕਾਨੂੰਨੀ ਹਥਿਆਰ ਬਣਾਉਣ ਵਿਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੀ ਪੁਲਿਸ ਦੇ ਸੰਪਰਕ ਵਿਚ ਹਨ। ਗੈਂਗ ਅਤੇ ਅੱਤਵਾਦੀ ਮਡਿਊਲ ਸਰਹੱਦ ਪਾਰ ਤੋਂ ਗੋਲੀਆਂ ਅਤੇ ਗੋਲਾ ਬਾਰੂਦ ਖਰੀਦਦੇ ਹਨ। ਇਨ੍ਹਾਂ ਮੁੱਖ ਮਾਮਲਿਆਂ ਵਿਚ ਦੇਸੀ ਹਥਿਆਰ ਮਿਲੇ ਹਨ। ਜਗਰਾਓਂ ਦੇ ਇਕ ਇਲੈਕਟ੍ਰੀਸ਼ੀਅਨ ਪਰਮਜੀਤ ਸਿੰਘ ਦੇ ਕਤਲ ਵਿਚ ਵਰਤਿਆ ਗਿਆ ਅਸਲਾ ਪਾਕਿਸਤਾਨ ਤੋਂ ਤਸਕਰੀ ਕਰਕੇ ਲਿਆਂਦਾ ਗਿਆ ਸੀ। ਪੁਲਿਸ ਨੇ ਮੌਕੇ ਤੋਂ ਬਰਾਮਦ 3 ਗੋਲੀਆਂ ਦੇ ਖੋਲ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ 2 ਪਾਕਿਸਤਾਨ ਵਿੱਚ ਬਣੀਆਂ ਸਨ, ਜਦੋਂਕਿ ਇਕ ਭਾਰਤ ਵਿੱਚ ਬਣੀ ਸੀ।
ਉਥੇ ਵਰਤੇ ਗਏ ਹਥਿਆਰ ਦੇਸੀ ਸਨ। ਖੰਨਾ ਪੁਲਿਸ ਨੇ 19 ਜਨਵਰੀ ਨੂੰ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਸੰਯੁਕਤ ਰਾਜ-ਅਧਾਰਤ ਗੈਂਗਸਟਰ ਦੁਆਰਾ ਚਲਾਏ ਜਾ ਰਹੇ ਟਾਰਗੇਟ ਕਿਲਿੰਗ ਦਾ ਪਰਦਾਫਾਸ਼ ਕੀਤਾ ਸੀ, ਜਿਸ ਵਿਚ ਗੈਂਗਸਟਰ ਅੰਮ੍ਰਿਤਬਲ ਦੀ ਮਹਿਲਾ ਸਾਥੀ ਸਮੇਤ 13 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਵਿਚ ਵੀ ਦੇਸੀ ਹਥਿਆਰ ਮਿਲੇ ਹਨ।