ਕਸ਼ਮੀਰ ‘ਚ ਬੀਜੇਪੀ ਵਰਕਰਾਂ ਦੀ ਹੱਤਿਆ ਦੀ ਪ੍ਰਧਾਨ ਜੇਪੀ ਨੱਡਾ ਨੇ ਕੀਤੀ ਨਿਖੇਧੀ

0
1176

ਨਵੀਂ ਦਿੱਲੀ | ਭਾਰਤੀ ਜਨਤਾ ਪਾਰਟੀ (BJP) ਦੇ ਪ੍ਰਧਾਨ ਜੇਪੀ ਨੱਡਾ (JP Nadda) ਨੇ ਕਸ਼ਮੀਰ ਵਿੱਚ ਆਪਣੀ ਪਾਰਟੀ ਦੇ ਤਿੰਨ ਆਗੂਆਂ ਦੀ ਹੱਤਿਆ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਹਮਲਾਵਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਗੱਲ ਕਰਦਿਆਂ ਐਲਾਨ ਕੀਤਾ ਹੈ ਕਿ ਕਸ਼ਮੀਰ (Kashmir) ਵਿੱਚ ਭਾਜਪਾ ਆਗੂਆਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ। ਵੀਰਵਾਰ ਦੇਰ ਸ਼ਾਮ 8:30 ਵਜੇ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਕੁਲਗਾਮ ’ਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉੱਥੇ ਜ਼ਿਲ੍ਹਾ ਬੀਜੇਪੀ ਯੁਵਾ ਮੋਰਚਾ ਦੇ ਜਨਰਲ ਸਕੱਤਰ ਫ਼ਿਦਾ ਹੁਸੈਨ ਸਮੇਤ ਤਿੰਨ ਆਗੂਆਂ ਦੀ ਹੱਤਿਆ ਕਰ ਦਿੱਤੀ ਗਈ ਸੀ।

ਨੱਡਾ ਨੇ ਆਪਣੇ ਇੱਕ ਟਵੀਟ ’ਚ ਲਿਖਿਆ ਕਿ ਅਜਿਹੇ ਰਾਸ਼ਟਰ ਭਗਤਾਂ ਦਾ ਜਾਣਾ ਦੇਸ਼ ਲਈ ਵੱਡਾ ਨੁਕਸਾਨ ਹੈ। ਸਮੁੱਚਾ ਸਮਾਜ ਪੀੜਤ ਪਰਿਵਾਰ ਨਾਲ ਹੈ। ਇਹ ਸ਼ਹਾਦਤਾਂ ਅਜਾਈਂ ਨਹੀਂ ਜਾਣਗੀਆਂ। ਪਰਿਵਾਰ ਪ੍ਰਤੀ ਮੇਰੀ ਸੰਵੇਦਨਾ ਹੈ। ਉੱਧਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਵੀਰਵਾਰ ਦੇਰ ਰਾਤੀਂ ਟਵੀਟ ਕਰ ਕੇ ਆਖਿਆ ਸੀ ਕਿ ਸਾਡੇ ਤਿੰਨ ਯੁਵਾ ਕਾਰਕੁਨਾਂ ਦਾ ਕਤਲ ਕਰ ਦਿੱਤਾ ਗਿਆ ਹੈ, ਮੈਂ ਇਸ ਦੀ ਨਿੰਦਾ ਕਰਦਾ ਹੈ। ਉਹ ਜੰਮੂ ਤੇ ਕਸ਼ਮੀਰ ਵਿੱਚ ਵਧੀਆ ਕੰਮ ਕਰ ਰਹੇ ਸਨ। ਮੇਰੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਨਾਲ ਹੈ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।

ਭਾਜਪਾ ਦੇ ਸੂਬਾ ਪ੍ਰਧਾਨ ਰਵਿੰਦਰ ਰੈਨਾ ਨੇ ਪਾਕਿਸਤਾਨ ਉੱਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਇਸ ਹਮਲੇ ’ਚ ਸ਼ਾਮਲ ਅੱਤਵਾਦੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜੰਮੂ ਤੋਂ ਸ੍ਰੀਨਗਰ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਇਹ ਬੁਜ਼ਦਿਲਾਨਾ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਇਹ ਤਿੰਨੇ ਪਾਰਟੀ ਕਾਰਕੁੰਨ ਕਸ਼ਮੀਰ ਵਾਦੀ ’ਚ 15 ਅਗਸਤ ਤੇ 26 ਜਨਵਰੀ ਨੂੰ ਤਿਰੰਗਾ ਲਹਿਰਾਉਂਦੇ ਸਨ ਤੇ ‘ਭਾਰਤ ਮਾਤਾ ਕੀ ਜੈ’ ਵੀ ਆਖਦੇ ਸਨ।

ਰੈਨਾ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਬਹੁਤ ਘਿਨਾਉਣਾ ਅਪਰਾਧ ਕੀਤਾ ਹੈ ਤੇ ਪਾਕਿਸਤਾਨ ਨੂੰ ਇਸ ਜੁਰਮ ਲਈ ਭਾਰੀ ਕੀਮਤ ਅਦਾ ਕਰਨੀ ਪਵੇਗੀ। ਸਾਡੇ ਸ਼ਹੀਦਾਂ ਦਾ ਬਲੀਦਾਨ ਵਿਅਰਥ ਨਹੀਂ ਜਾਵੇਗਾ ਤੇ ਖ਼ੂਨ ਦੇ ਇੱਕ-ਇੱਕ ਕਤਰੇ ਦਾ ਬਦਲਾ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨ ਸ਼ਾਂਤੀ ਦਾ ਦੁਸ਼ਮਣ ਹੈ ਤੇ ਵਕਤ ਆ ਗਿਆ ਹੈ ਕਿ ਸਮੁੱਚਾ ਵਿਸ਼ਵ ਇੱਕਜੁਟ ਹੋ ਕੇ ਪਾਕਿਸਤਾਨ ਵਿਰੁੱਧ ਵੱਡੀ ਕਾਰਵਾਈ ਕਰੇ।