ਮੇਅਰ ਵਨੀਤ ਧੀਰ, ਮੰਦਰ ਕਮੇਟੀ ਦੇ ਅਹੁਦੇਦਾਰਾਂ ਅਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਲਿਆ ਧਾਰਮਿਕ ਸਮਾਗਮ ਦਾ ਆਸ਼ੀਰਵਾਦ
ਜਲੰਧਰ, 15 ਜੂਨ | ਜਲੰਧਰ ਦੇ ਪ੍ਰਸਿੱਧ ਅਤੇ ਇਤਿਹਾਸਕ ਸੋਢਲ ਮੇਲੇ ਦੇ ਮੌਕੇ ਅੱਜ ਮੰਦਰ ਕੰਪਲੈਕਸ ਵਿੱਚ ਹਵਨ ਯੱਗ ਅਤੇ ਝੰਡਾ ਚੜ੍ਹਾਉਣ ਦੀ ਰਸਮ ਸ਼ਰਧਾ ਅਤੇ ਉਤਸ਼ਾਹ ਨਾਲ ਅਦਾ ਕੀਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਆਪਣੇ ਪਰਿਵਾਰ ਸਮੇਤ ਧਾਰਮਿਕ ਯੱਗ ਵਿੱਚ ਹਾਜ਼ਰੀ ਭਰੀ ਅਤੇ ਇਲਾਕੇ ਦੀ ਖੁਸ਼ਹਾਲੀ, ਤਰੱਕੀ ਅਤੇ ਲੋਕ ਭਲਾਈ ਲਈ ਅਰਦਾਸ ਕੀਤੀ।
ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਨਿਧੀ ਕੋਹਲੀ ਅਤੇ ਧੀ ਗ੍ਰਾਵਿਤਾ ਕੋਹਲੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਮਾਗਮ ਵਿੱਚ ਜਲੰਧਰ ਦੇ ਮੇਅਰ ਵਨੀਤ ਧੀਰ, ਮੰਦਰ ਕਮੇਟੀ ਦੇ ਪ੍ਰਧਾਨ ਵਿਪਨ ਚੱਢਾ (ਬੱਬੀ), ਜਤਿਨ ਗੁਲਾਟੀ ਅਤੇ ਮੰਦਰ ਕਮੇਟੀ ਦੇ ਸਮੂਹ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ।
ਹਵਨ ਯੱਗ ਉਪਰੰਤ ਪਰੰਪਰਾਗਤ ਰੀਤੀ-ਰਿਵਾਜਾਂ ਅਨੁਸਾਰ ਝੰਡਾ ਰਸਮ ਅਦਾ ਕੀਤੀ ਗਈ, ਜਿਸ ਨਾਲ ਸੋਢਲ ਮੇਲੇ ਦੀਆਂ ਤਿਆਰੀਆਂ ਦਾ ਵਿਧੀਵਤ ਆਗਾਜ਼ ਹੋਇਆ। ਇਸ ਦੌਰਾਨ ਮੰਦਰ ਪ੍ਰੰਗਣ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਲਗਵਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਨਿਤਿਨ ਕੋਹਲੀ ਨੇ ਕਿਹਾ ਕਿ ਸੋਢਲ ਮੰਦਰ ਅਤੇ ਸੋਢਲ ਮੇਲਾ ਜਲੰਧਰ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹਨ। ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਆਪਸੀ ਭਾਈਚਾਰੇ, ਏਕਤਾ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ।
ਸਮਾਗਮ ਦੌਰਾਨ ਸਾਰਾ ਮਾਹੌਲ ਭਗਤੀ ਰਸ ਵਿੱਚ ਰੰਗਿਆ ਹੋਇਆ ਨਜ਼ਰ ਆਇਆ ਅਤੇ ਸੰਗਤ ਨੇ ਆਉਣ ਵਾਲੇ ਸੋਢਲ ਮੇਲੇ ਦੀ ਸਫਲਤਾ ਲਈ ਅਰਦਾਸ ਕੀਤੀ।







































