ਅਗਲੇ ਤਿੰਨ ਮਹੀਨਿਆਂ ਦੇ ਅੰਦਰ ਸਟੇਡੀਅਮ ਨੂੰ ਪੂਰੀ ਤਰ੍ਹਾਂ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਤਿਆਰ ਕਰ ਦਿੱਤਾ ਜਾਵੇਗਾ : ਅਧਿਕਾਰੀ
ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਵੱਲੋਂ ਕੀਤੇ ਐਲਾਨ ਅਨੁਸਾਰ ਜਲੰਧਰ ਵਿਖੇ ਹੋਣ ਵਾਲੇ ਅਗਾਮੀ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਲਈ ਤਿਆਰੀਆਂ ਅਤੇ ਸਟੇਡੀਅਮ ਦੇ ਨਵੀਨੀਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਅੱਜ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਤੇ ਹਾਕੀ ਪੰਜਾਬ, ਖੇਡ ਵਿਭਾਗ, ਪੀ.ਡਬਲਯੂ.ਡੀ. (PWD) ਦੀ ਟੀਮ ਤੇ ਹਾਕੀ ਇੰਡੀਆ ਦੇ ਟੂਰਨਾਮੈਂਟ ਡਾਇਰੈਕਟਰ ਵੱਲੋਂ ਸਟੇਡੀਅਮ ਦਾ ਸਾਂਝਾ ਦੌਰਾ ਕਰਕੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।
ਇਨ੍ਹਾਂ ਦੀਆਂ ਤਿਆਰੀਆਂ ਨੂੰ ਲੈ ਕੇ ਆਮ ਆਮਦੀ ਪਾਰਟੀ ਦੇ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਲੰਧਰ ਵਾਸੀਆਂ ਤੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ, ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਸਦਕਾ ਕੋਈ ਅੰਤਰਰਾਸ਼ਟਰੀ ਟੂਰਨਾਮੈਂਟ ਪੰਜਾਬ ਵਿਚ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਹਾਕੀ ਵਿਚ ਕੁਝ ਵੱਡਾ ਕਰਨਾ ਚਾਹੁੰਦੇ ਸਨ। ਪੰਜਾਬ ਵਿਚ ਅੰਤਰਰਾਸ਼ਟਰੀ ਮੈਚ ਹੋਣ ਜਾ ਰਹੇ ਹਨ। ਜਲੰਧਰ ਵਿਚ ਏਸ਼ੀਅਨ ਚੈਂਪੀਅਨਸ਼ਿਪ ਹੋਣ ਜਾ ਰਹੀ ਹੈ। ਪਾਕਿਸਤਾਨ ਸਣੇ 6 ਟੀਮਾਂ ਪੰਜਾਬ ਆਉਣੀਆਂ ਹਨ। ਬਹੁਤ ਜਲਦੀ ਮੁੱਖ ਮੰਤਰੀ ਪੰਜਾਬ ਲੀਗ ਟੀਮ ਵੀ ਸਾਈਨ ਕਰਨ ਜਾ ਰਹੇ ਹਨ ਤੇ ਇਕ ਜੂਨੀਅਰ ਲੀਗ ਟੀਮ ਵੀ ਲਾਂਚ ਕਰਨ ਜਾ ਰਹੇ ਹਨ।
ਨਿਤਿਨ ਕੋਹਲੀ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਟੂਰਨਾਮੈਂਟ ਸਿਰਫ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਸਦਕਾ ਮਿਲਿਆ ਹੈ। ਉਨ੍ਹਾਂ ਨੇ ਹੀ ਹਾਕੀ ਇੰਡੀਆ ਨਾਲ ਤਾਲਮੇਲ ਕਰ ਕੇ ਹਾਕੀ ਟੂਰਨਾਮੈਂਟ ਪੰਜਾਬ ਵਿਚ ਲਿਆਂਦਾ ਹੈ। ਆਜ਼ਾਦੀ ਤੋਂ ਬਾਅਦ ਅਜਿਹਾ ਪਹਿਲਾ ਟੂਰਨਾਮੈਂਟ ਹੋਣ ਜਾ ਰਿਹਾ ਹੈ। ਮੈਂ ਇਸ ਦਾ ਸਾਰਾ ਸਿਹਰਾ ਮੁੱਖ ਮੰਤਰੀ ਪੰਜਾਬ, ਹਾਕੀ ਪੰਜਾਬ ਤੇ ਹਾਕੀ ਪ੍ਰੇਮੀਆਂ ਨੂੰ ਦਿੰਦਾ ਹਾਂ।
ਉਨ੍ਹਾਂ ਕਿਹਾ ਕਿ ਲਗਭਗ ₹18 ਕਰੋੜ ਦੀ ਲਾਗਤ ਨਾਲ ਸਟੇਡੀਅਮ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਨਾਲ ਲੈਸ ਕਰਨ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ।
ਨਿਤਿਨ ਕੋਹਲੀ ਨੇ ਅੱਗੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪਹਿਲੀ ਨਵੰਬਰ ਨੂੰ ਪੰਜਾਬ ਡੇਅ ਹੈ ਤੇ ਪਹਿਲੀ ਨਵੰਬਰ ਨੂੰ ਹੀ ਭਾਰਤ ਤੇ ਪਾਕਿਸਤਾਨ ਦਾ ਮੈਚ ਪੰਜਾਬ ਵਿਚ ਖੇਡੇ ਜਾਣ ਦੀ ਕੋਸ਼ਿਸ਼ ਹੈ। ਇਸ ਦੌਰਾਨ ਸਟੇਡੀਅਮ ਨੂੰ ਨਵੀਂ ਵਹੁਟੀ ਵਾਂਗ ਸਜਾਇਆ ਜਾਵੇਗਾ। ਪੰਜਾਬ ਹਾਕੀ ਦੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੈਂ ਤੇ ਮੇਰੇ ਸਾਥੀਆਂ ਨੇ ਸਿਰਫ ਆਪਣੀ ਡਿਊਟੀ ਨਿਭਾਈ ਹੈ। ਸਾਡੀ ਮੁੱਖ ਖੇਡ ਹਾਕੀ ਮੁੱਖ ਮੰਤਰੀ ਭਗਵੰਤ ਮਾਨ ਸਦਕਾ ਹੀ ਮੁੜ ਜੀਵਿਤ ਹੋ ਰਹੀ ਹੈ। ਹਾਕੀ ਵਿਚ 9-10 ਖਿਡਾਰੀ ਰਹੇ ਹਨ। ਇਸ ਦੇ ਲਈ ਇਹ ਚੰਗੀ ਸ਼ੁਰੂਆਤ ਸਾਬਿਤ ਹੋਵੇਗੀ। ਜਦੋਂ ਆਪਣੇ ਖਿਡਾਰੀ ਕਿਸੇ ਮੈਚ ਵਿਚ ਦੇਖਦੇ ਹੋ ਤਾਂ ਮੈਚ ਵਿਚ ਵਿਚ ਵੀ ਰੂਚੀ ਉਨੀ ਹੀ ਵਧ ਜਾਂਦੀ ਹੈ।
ਨਿਤਿਨ ਕੋਹਲੀ ਨੇ ਕਿਹਾ ਕਿ ਲੀਗ ਦੀ ਓਪਨਿੰਗ ਤੇ ਕਲੋਜ਼ਿੰਗ ਮੋਹਾਲੀ ਵਿਚ ਹੈ ਤੇ ਬਾਕੀ ਸਾਰੇ ਲੀਗ ਮੈਚ ਜਲੰਧਰ ਵਿਚ ਹੀ ਖੇਡੇ ਜਾਣਗੇ। ਬਾਹਰ ਪ੍ਰੈਕਟਿਸ ਗਰਾਊਂਡ ਬਣ ਕੇ ਤਿਆਰ ਹੈ, ਇਹ ਗਰਾਊਂਡ ਵੀ ਬਣ ਕੇ ਜਲਦੀ ਤਿਆਰ ਹੋ ਜਾਵੇਗੀ। ਅਸੀਂ ਜਲਦੀ ਹੀ ਇਕ ਵਧੀਆ ਇਵੈਂਟ ਜਲੰਧਰ ਵਿਚ ਦੇਖਣ ਜਾ ਰਹੇ ਹਾਂ।
ਨਿਰੀਖਣ ਦੌਰਾਨ ਓਲੰਪੀਅਨ ਗੁਰਜੰਟ ਸਿੰਘ (ਪੀਸੀਐੱਸ) ਨੇ ਦੱਸਿਆ ਕਿ ਅਗਲੇ ਤਿੰਨ ਮਹੀਨਿਆਂ ਦੇ ਅੰਦਰ ਸਟੇਡੀਅਮ ਨੂੰ ਪੂਰੀ ਤਰ੍ਹਾਂ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਤਿਆਰ ਕਰ ਦਿੱਤਾ ਜਾਵੇਗਾ। ਇਸ ਪ੍ਰੋਜੈਕਟ ਤਹਿਤ ਸਭ ਤੋਂ ਮਹੱਤਵਪੂਰਨ ਕੰਮ ਫਲੱਡ ਲਾਈਟਿੰਗ ਸਿਸਟਮ ਦਾ ਨਵੀਨੀਕਰਨ ਹੈ। ਇਸ ਤੋਂ ਇਲਾਵਾ ਖਿਡਾਰੀਆਂ ਦੇ ਚੇਂਜਿੰਗ ਰੂਮ, ਸਟੇਡੀਅਮ ਦੇ ਪ੍ਰਵੇਸ਼ ਅਤੇ ਨਿਕਾਸ ਮਾਰਗ, ਦਰਵਾਜ਼ਿਆਂ ਦੀ ਉਚਾਈ ਅਤੇ ਹੋਰ ਢਾਂਚਾਗਤ ਸੁਵਿਧਾਵਾਂ ਨੂੰ ਵੀ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਵਿਕਸਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਬੋਲਦਿਆਂ ਓਲੰਪੀਅਨ ਗੁਰਜੰਟ ਸਿੰਘ (ਪੀਸੀਐੱਸ) ਨੇ ਕਿਹਾ ਕਿ ਜਲੰਧਰ ਹਮੇਸ਼ਾ ਹੀ ਹਾਕੀ ਦਾ ਹੱਬ ਰਿਹਾ ਹੈ ਅਤੇ ਭਾਰਤੀ ਟੀਮ ਦੇ ਕਈ ਮਹਾਨ ਖਿਡਾਰੀਆਂ ਨੇ ਇਸੇ ਗਰਾਊਂਡ ਤੋਂ ਆਪਣੇ ਖੇਡ ਸਫਰ ਦੀ ਸ਼ੁਰੂਆਤ ਕੀਤੀ ਹੈ। ਲਗਭਗ 33 ਸਾਲਾਂ ਬਾਅਦ ਪੰਜਾਬ ਵਿੱਚ ਅਜਿਹਾ ਵੱਡਾ ਅੰਤਰਰਾਸ਼ਟਰੀ ਇਵੈਂਟ ਹੋਣ ਜਾ ਰਿਹਾ ਹੈ, ਜੋ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਲਈ ਇੱਕ ਵੱਡਾ ਤੋਹਫ਼ਾ ਹੈ।
ਦਰਸ਼ਕਾਂ ਦੀ ਵੱਡੀ ਗਿਣਤੀ, ਖਾਸ ਕਰਕੇ ਭਾਰਤ-ਪਾਕਿਸਤਾਨ ਵਰਗੇ ਵੱਡੇ ਮੈਚਾਂ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ, ਸਟੇਡੀਅਮ ਵਿੱਚ ਬੈਠਣ ਦੇ ਪ੍ਰਬੰਧ, ਵਾਸ਼ਰੂਮ, ਅਤੇ ਐਂਟਰੀ-ਐਗਜ਼ਿਟ ਪੁਆਇੰਟਾਂ ‘ਤੇ ਵਿਸ਼ੇਸ਼ ਕੰਮ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ, ਟੂਰਨਾਮੈਂਟ ਦੇ ਮੁੱਖ ਮੈਚ ਮੌਜੂਦਾ ਸਟੇਡੀਅਮ ਵਿੱਚ ਹੀ ਖੇਡੇ ਜਾਣਗੇ, ਜਦਕਿ ਬਾਹਰ ਬਣ ਰਹੇ ਨਵੇਂ ਗਰਾਊਂਡ ਨੂੰ ਪ੍ਰੈਕਟਿਸ ਪਿੱਚ ਵਜੋਂ ਵਰਤਿਆ ਜਾਵੇਗਾ। ਸਰਕਾਰ ਵੱਲੋਂ ਕੀਤੇ ਜਾ ਰਹੇ ਇਹਨਾਂ ਯਤਨਾਂ ਨਾਲ ਜਲੰਧਰ ਦਾ ਨਾਮ ਇੱਕ ਵਾਰ ਫਿਰ ਵਿਸ਼ਵ ਖੇਡ ਨਕਸ਼ੇ ‘ਤੇ ਉਭਰ ਕੇ ਸਾਹਮਣੇ ਆਵੇਗਾ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਤੋਂ ਇਲਾਵਾ ਏਡੀਸੀ ਅਮਰਜੀਤ ਸਿੰਘ ਬੈਂਸ, ਡੀਐੱਓ ਗੁਰਪ੍ਰੀਤ ਸਿੰਘ ਬਾਜਵਾ, ਓਲੰਪੀਅਨ ਗੁਰਜੰਟ ਸਿੰਘ (ਪੀਸੀਐੱਸ), ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ, ਅਮਰੀਕ ਸਿੰਘ ਪਵਾਰ, ਡਾਇਰੈਕਟਰ ਵਿਕਰਮ ਪਾਲ, ਐਕਸੀਅਨ ਰਜੇਸ਼ ਚੰਨਾ, ਡਿਪਟੀ ਡਾਇਰੈਕਟਰ ਸਪੋਰਟਸ ਰਣਬੀਰ ਸਿੰਘ ਭੰਗੂ, ਐੱਸਡੀਓ ਤਰਨਪ੍ਰੀਤ ਸਿੰਘ, ਹਰਪ੍ਰੀਤ ਸਿੰਘ (ਐੱਸਡੀਓ ਸਪੋਰਟਸ) ਤੇ ਮਨਜੀਤ ਸਿੰਘ (ਐੱਸਸੀ ਪੀਡਬਲਯੂਡੀ, ਬੀ ਐਂਡ ਆਰ) ਮੌਜੂਦ ਸਨ।




































