ਪਟਿਆਲਾ | ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸੂਬੇ ਵਿਚ ਬਿਜਲੀ ਚੋਰੀ ਵਿਰੁੱਧ ਜ਼ੋਰਦਾਰ ਮੁਹਿੰਮ ਉਲੀਕੀ ਹੋਈ ਹੈ।13 ਅਤੇ 14 ਮਈ ਨੂੰ ਇਨਫੋਰਸਮੈਂਟ ਵਿੰਗ ਦੇ ਕਈ ਦਸਤਿਆਂ ਵੱਲੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਿਜਲੀ ਖਪਤਕਾਰਾਂ ਦੇ ਕੁਨੈਕਸ਼ਨ ਚੈਕ ਕੀਤੇ। ਇਨ੍ਹਾਂ ਵਿੱਚ ਇਨਫੋਰਸਮੈਂਟ ਵਿੰਗ ਵੱਲੋ ਵੱਧ ਬਿਜਲੀ ਨੁਕਸਾਨ ਵਾਲੇ ਫੀਡਰਾਂ ਨਾਲ ਸਬੰਧਤ 3035 ਬਿਜਲੀ ਕੁਨੈਕਸ਼ਨ ਚੈਕ ਕੀਤੇ ਗਏ। ਜਿਨ੍ਹਾਂ ਵਿੱਚੋ 120 ਖਪਤਕਾਰ ਚੋਰੀ ਕਰਦੇ ਅਤੇ 464 ਖਪਤਕਾਰ ਕਈ ਪ੍ਰਕਾਰ ਦੀਆਂ ਉਣਤਾਈਆਂ ਅਤੇ ਬੇਨਿਯਮੀਆਂ ਕਰਦੇ ਫੜੇ ਗਏ।ਇਨਾਂ ਕੇਸਾਂ ਵਿੱਚ ਖਪਤਕਾਰਾਂ ਨੂੰ ਬਿਜਲੀ ਐਕਟ 2003 ਅਧੀਨ ਕੁਲ 88.18 ਲੱਖ ਰੁਪਏ ਜੁਰਮਾਨਾ ਕੀਤਾ ਗਿਆ।
ਓਦੋਕੇ ਸਬ-ਡਵੀਜ਼ਨ (ਅੰਮ੍ਰਿਤਸਰ) ਅਧੀਨ ਡੇਰਾ (ਸਰਹਾਲਾ ਨੇੜੇ ਜੈਨਤੀਪੁਰ ) ਚੈਕ ਕਰਕੇ ਪਾਇਆ ਗਿਆ ਕਿ ਡੇਰੇ ਦਾ ਸਾਰਾ 29.278 ਕਿਲੌਵਾਟ ਲੋਡ ਡੇਰੇ ਦੇ ਬਾਹਰ ਲੱਗੇ 25 ਕੇਵੀਏ ਟਰਾਂਸਫਾਰਮਰ ਤੋਂ ਇੱਕ ਤਾਰ ਪਾ ਕੇ ਮੀਟਰ ਨੂੰ ਬਾਈਪਾਸ ਕਰਕੇ ਸਿੱਧੀ ਕੁੰਡੀ ਰਾਹੀਂ ਚਲਾਇਆ ਜਾ ਰਿਹਾ ਸੀ। ਇਸ ਖਪਤਕਾਰ ਨੂੰ ਬਿਜਲੀ ਚੋਰੀ ਦੇ ਜੁਰਮਾਨੇ ਵਜੋਂ 4.34 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਬੁਲਾਰੇ ਨੇ ਦੱਸਿਆਂ ਕਿ ਡੇਰਾ ਬਾਬਾ ਲਾਲ ਸਿੰਘ ਭਾਈ ਰੂਪਾ ( ਰਾਮਪੁਰਾ ਫੂਲ) ਨੂੰ ਚੈਕ ਕਰਕੇ ਪਾਇਆ ਗਿਆ ਕਿ ਡੇਰੇ ਵੱਲੋਂ ਸੜਕ ਤੇ ਲੱਗੇ ਟਰਾਂਸਫਾਰਮਰ ਤੋਂ ਤਾਰ ਰਾਹੀਂ ਸਿਧੀ ਕੁੰਡੀ ਪਾਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਜਿਸ ਦਾ ਲੋਡ ਇੱਕ ਟੰਨ ਦੇ ਏਸੀ ਸਮੇਤ 3 ਕਿਲੌਵਾਟ ਬਣਦਾ ਹੈ। ਖਪਤਕਾਰ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ।
ਬੁਲਾਰੇ ਨੇ ਦੱਸਿਆਂ ਕਿ ਜਮਾਲਪੁਰ, ਲੁਧਿਆਣਾ ਇਲਾਕੇ ਵਿੱਚ ਇੱਕ ਧਾਰਮਿਕ ਸਥਾਨ ਨੂੰ ਚੈਕ ਕਰਨ ’ਤੇ ਪਾਇਆ ਗਿਆ ਕਿ ਖਪਤਕਾਰ 40 ਕਿਲੌਵਾਟ ਦਾ ਲੋਡ, ਜਿਸ ਵਿੱਚ 10 ਏਸੀ ਲੱਗੇ ਸਨ ਨੂੰ 25 ਮੈਮਮੈਮ ਦੀ ਕੇਬਲ ਨਾਲ ਸਿਧੀ ਕੁੰਡੀ ਪਾ ਕੇ ਬਿਜਲੀ ਚੋਰੀ ਕਰਦਾ ਪਾਇਆ ਗਿਆ। ਕੇਬਲ ਨੂੰ ਕਬਜੇ ਚ ਲਿਆ ਗਿਆ ਅਤੇ ਬਿਜਲੀ ਐਕਟ 2003 ਦੇ ਅਧੀਨ 9.43 ਲੱਖ ਜੁਰਮਾਨਾ ਅਤੇ 70,000 ਰੁਪਏ ਦੀ ਕੰਪਾਉਂਡਿੰਗ ਫੀਸ ਵੀ ਪਾਈ ਗਈ। ਇਸ ਤੋਂ ਇਲਾਵਾ ਗਿੱਲ ਰੋਡ, ਥਾਣੇ ਵਿਖੇ ਚੱਲ ਰਹੇ 20 ਕਿਲੌਵਾਟ ਦੇ ਲੋਡ ਨੂੰ ਬਾਹਰੋਂ ਜਾਂਦੀ ਤਾਰ ਨੂੰ ਟੈਪ ਕਰਕੇ ਕੀਤੀ ਜਾ ਰਹੀ ਬਿਜਲੀ ਚੋਰੀ ਤੇ ਬਿਜਲੀ ਐਕਟ 2003 ਦੇ ਅਧੀਨ 8 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਬੁਲਾਰੇ ਨੇ ਦੱਸਿਆਂ ਕਿ ਪੀਏਪੀ ਕੁੰਪਲੈਕਸ ਜਲੰਧਰ ਦੀ ਕਲੋਨੀ ਵਿੱਚ 124 ਘਰਾਂ ਦੇ ਕੁਨੈਕਸ਼ਨ ਚੈਕ ਕੀਤੇ ਗਏ ਜਿਸ ਵਿਚੋਂ 23 ਘਰ ਬਿਜਲੀ ਚੋਰੀ ਕਰਦੇ ਪਾਏ ਗਏ ਅਤੇ ਬਿਜਲੀ ਐਕਟ 2003 ਦੇ ਅਧੀਨ 6.23 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ।