ਜਲੰਧਰ | ਪਾਵਰਕਾਮ ਦੇ ਡਾਇਰੈਕਟਰ ਜਨਰੇਸ਼ਨ ਇੰਜ. ਪਰਮਜੀਤ ਸਿੰਘ ਦੀ ਆਮਦ ‘ਤੇ ਉਪ ਮੁੱਖ ਇੰਜ. ਰਾਜੀਵ ਪ੍ਰਾਸ਼ਰ ਅਤੇ ਐਕਸੀਅਨ ਗੁਰਪ੍ਰੀਤ ਸਿੰਘ ਵੱਲੋਂ ਸਵਾਗਤ ਕੀਤਾ ਗਿਆ। ਡਾਇਰੈਕਟਰ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਮਾਨਤਾ ਪ੍ਰਾਪਤ ਮੀਟਰਿੰਗ NABL ਲੈਬ ਦੇ ਕੰਮਾਂ ਦਾ ਨਿਰੀਖਣ ਕੀਤਾ।
ਇਸ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਪਿਛਲੇ ਵਿੱਤੀ ਸਾਲ ਦੌਰਾਨ ਮੀਟਰਿੰਗ ਸੰਸਥਾ ਵੱਲੋਂ ਸੜੇ ਤੇ ਖਰਾਬ ਮੀਟਰਾਂ ਦੀ ZIG ਰਾਹੀਂ ਰੀਡਿੰਗ ਕੱਢ ਕੇ 60 ਲੱਖ ਯੂਨਿਟਾਂ ਦੇ ਫਰਕ ਦੀ ਰਕਮ ਖਪਤਕਾਰਾਂ ਤੋਂ ਵਸੂਲ ਕੀਤੀ ਗਈ ਤੇ ਚਾਲੂ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਲਗਭਗ 13 ਲੱਖ ਯੂਨਿਟਾਂ ਦੇ ਫਰਕ ਦੀ ਰਕਮ ਚਾਰਜ ਕੀਤੀ ਗਈ।
ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਇਸ ਸਮੇਂ ਮੀਟਰਿੰਗ ਲੈਬਾਂ ਕੋਲ ਸਿੰਗਲ ਫੇਜ਼, ਥ੍ਰੀ ਫੇਜ਼ ਤੇ ਦੂਜੇ ਮੀਟਰਾਂ ਦੀ ਕੋਈ ਕਮੀ ਨਹੀਂ ਹੈ। ਜਲੰਧਰ ਇਨਫੋਰਸਮੈਂਟ ਸੰਸਥਾ ਵੱਲੋਂ ਜਿਹੜੇ ਖਪਤਕਾਰ ਚੋਰੀ ਕਰਦੇ ਫੜੇ ਜਾਂਦੇ ਹਨ, ਉਨ੍ਹਾਂ ਦੇ ਅਹਾਤਿਆਂ ‘ਚ ਸਮਾਰਟ ਮੀਟਰ ਲਵਾਏ ਜਾ ਰਹੇ ਹਨ।
ਐੱਮ ਈ ਲੈਬ ਜਲੰਧਰ ‘ਚ 10 ਹਜ਼ਾਰ ਸਮਾਰਟ ਮੀਟਰ ਆ ਚੁੱਕੇ ਹਨ। ਉਨ੍ਹਾਂ ਉਪ ਮੰਡਲ ਅਫਸਰ ਰਣਜੀਤ ਸਿੰਘ, ਜੇ ਈ-1 ਪ੍ਰਦੀਪ ਕੁਮਾਰ, ਜੇ ਈ ਕੁਲਵਿੰਦਰ ਕੁਮਾਰ, ਤਰੁਨ ਇਕਬਾਲ, ਬਲਵਿੰਦਰ ਸਿੰਘ ਤੇ ਸਟਾਫ ਦੀ ਹੌਸਲਾ-ਅਫਜ਼ਾਈ ਕੀਤੀ।