ਚੰਡੀਗੜ੍ਹ| ਪੰਜਾਬ ਸਕੂਲ ਸਿੱਖਿਆ ਬੋਰਡ ਨੇ 24 ਫਰਵਰੀ ਨੂੰ ਮੁਲਤਵੀ 12ਵੀਂ ਜਮਾਤ ਦੀ ਪ੍ਰੀਖਿਆ ਲੈਣ ਦੀ ਨਵੀਂ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬਾਰ੍ਹਵੀਂ ਜਮਾਤ ਦੀ ਡੇਟਸ਼ੀਟ ਵਿੱਚ ਵੀ ਅੰਸ਼ਿਕ ਸੋਧ ਕੀਤੀ ਗਈ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈਸ ਨੂੰ ਜਾਰੀ ਕੀਤੀ ਜਾਣਕਾਰੀ ਅਨੁਸਾਰ ਬਾਰ੍ਹਵੀਂ ਜਮਾਤ ਦੀ ਲਾਜ਼ਮੀ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਪ੍ਰਸ਼ਾਸਨਿਕ ਕਾਰਨਾਂ ਕਰਕੇ 24 ਫਰਵਰੀ ਨੂੰ ਮੁਲਤਵੀ ਕਰਨੀ ਪਈ ਸੀ। ਹੁਣ ਨਵੀਆਂ ਤੈਅ ਮਿਤੀਆਂ ਮੁਤਾਬਕ 24 ਫਰਵਰੀ 2023 ਤੱਕ ਮੁਲਤਵੀ ਕੀਤੀ ਗਈ ਅੰਗਰੇਜ਼ੀ ਵਿਸ਼ੇ (001) ਦੀ ਇਹ ਲਾਜ਼ਮੀ ਪ੍ਰੀਖਿਆ 24 ਮਾਰਚ 2023 ਨੂੰ ਪਹਿਲਾਂ ਤੋਂ ਤੈਅ ਸਮੇਂ ਅਤੇ ਪ੍ਰੀਖਿਆ ਕੇਂਦਰਾਂ ‘ਤੇ ਹੋਵੇਗੀ।
ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀ ਡੇਟਸ਼ੀਟ ਵਿੱਚ ਕੀਤੀ ਗਈ ਸੋਧ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲਾਜ਼ਮੀ ਅੰਗਰੇਜ਼ੀ ਵਿਸ਼ੇ ਦਾ ਪੇਪਰ ਪਹਿਲਾਂ ਕਰਾਉਣ ਦੀ ਮੰਗ ਨੂੰ ਵੇਖਦੇ ਹੋਏ 24 ਮਾਰਚ 2023 ਨੂੰ ਹੋਣ ਵਾਲੀ 12ਵੀਂ ਕਲਾਸ ਦੀ ਗੁਰਮਤਿ ਸੰਗੀਤ (039) ਵਿਸ਼ੇ ਦੀ ਪ੍ਰੀਖਿਆ ਹੁਣ ਪਹਿਲਾਂ ਤੈਅ ਸਮੇਂ ਦੀ ਥਾਂ 24 ਅਪ੍ਰੈਲ 2023 ਨੂੰ ਤੈਅ ਸਮੇਂ ‘ਤੇ ਪ੍ਰੀਖਿਆ ਕੇਂਦਰਾਂ ‘ਤੇ ਹੀ ਆਯੋਜਿਤ ਕੀਤੀ ਜਾਵੇਗੀ।
ਉਪ ਸਕੱਤਰ ਮਨਮੀਤ ਭੱਠਲ ਨੇ ਵੀ ਸਕੂਲ ਮੁਖੀਆ, ਕੇਂਦਰ ਸੁਪਰਡੈਂਟਾਂ ਤੇ ਹੋਰ ਸਬੰਧਤ ਕਰਮਚਾਰੀਆਂ ਨੂੰ ਉਪਰੋਕਤ ਮੁਤਾਬਕ ਬਦਲਵੇਂ ਪ੍ਰਬੰਧ ਕਰਨ ਅਤੇ ਸਬੰਧਤ ਪ੍ਰੀਖਿਆਰਥੀਆਂ ਨੂੰ ਇਸ ਸਬੰਧੀ ਸੂਚਨਾ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਹਨ।