ਅਸ਼ਲੀਲ ਵੀਡੀਓ ਮਾਮਲਾ : ਪ੍ਰੋਡਿਊਸਰ DXX ਨੂੰ ਨਿਹੰਗ ਸਿੰਘਾਂ ਨੇ ਕੁੱਟਿਆ, ਸੋਸ਼ਲ ਮੀਡੀਆ ‘ਤੇ ਵਾਇਰਲ

0
2398

ਬਰਨਾਲਾ (ਕਮਲਜੀਤ ਸੰਧੂ) | ਸੋਸ਼ਲ ਮੀਡੀਆ ‘ਤੇ ਲੱਚਰ ਅਤੇ ਅਸ਼ਲੀਲ ਵੀਡੀਓ ਪਾਉਣ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੇ ਪ੍ਰੋਡਿਊਸਰ ਡੀ ਐਕਸ ਐਕਸ ਦੀ ਨਿਹੰਗ ਸਿੰਘਾਂ ਵੱਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਦਿੱਤੀ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।

ਇਹ ਵੀਡੀਓ ਬਰਨਾਲਾ ਜ਼ਿਲੇ ਦੇ ਪਿੰਡ ਕੋਟਦੁੰਨਾ ਦੀ ਸੱਥ ਦੀ ਹੈ ਅਤੇ ਵਿਵਾਦਤ ਵਿਅਕਤੀ ਪ੍ਰੋਡਿਊਸਰ ਡੀ ਐਕਸ ਐਕਸ ਵੀ ਇਸੇ ਪਿੰਡ ਨਾਲ ਸਬੰਧਤ ਹੈ, ਜਦਕਿ ਕੁੱਟਮਾਰ ਕਰਨ ਵਾਲੇ ਨਿਹੰਗ ਸਿੰਘ ਬਰਨਾਲਾ ਤੋਂ ਬਾਹਰੀ ਜ਼ਿਲੇ ਦੇ ਹਨ।

ਵੀਡੀਓ ਵਿੱਚ ਨਿਹੰਗ ਪ੍ਰੋਡਿਊਸਰ ਦੀ ਕੁੱਟਮਾਰ ਕਰ ਰਹੇ ਹਨ, ਜਦਕਿ ਪਿੰਡ ਦੇ ਲੋਕ ਉਸ ਨੂੰ ਛੁਡਾ ਵੀ ਨਹੀਂ ਰਹੇ ਅਤੇ ਤਮਾਸ਼ਾ ਦੇਖ ਰਹੇ ਹਨ। ਕੁੱਟਮਾਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਨਿਹੰਗ ਸਿੰਘਾਂ ਦੀ ਤਾਰੀਫ਼ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੇ ਲੱਚਰ ਵੀਡੀਓਜ਼ ਪਾਉਣ ਵਾਲੇ ਵਿਅਕਤੀ ਨੂੰ ਕੁੱਟਿਆ ਹੈ।

ਪ੍ਰੋਡਿਊਸਰ ਦੀ ਕੁੱਟਮਾਰ ਕਰਨ ਵਾਲੇ ਨਿਹੰਗ ਵੱਲੋਂ ਇਕ ਹੋਰ ਵੀਡੀਓ ਵਿੱਚ ਕੁੱਟਣ ਦੀ ਸ਼ਰੇਆਮ ਜ਼ਿੰਮੇਵਾਰੀ ਲਈ ਗਈ ਹੈ। ਨਿਹੰਗ ਵੱਲੋਂ ਕਿਹਾ ਗਿਆ ਕਿ ਪ੍ਰੋਡਿਊਸਰ ਪੰਜਾਬ ਦੇ ਨੌਜਵਾਨਾਂ ਨੂੰ ਲੱਚਰਤਾ ਅਤੇ ਅਸ਼ਲੀਲਤਾ ਵੱਲ ਲਿਜਾ ਰਿਹਾ ਹੈ, ਜਿਸ ਕਰਕੇ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਹੈ।

ਜ਼ਿਕਰਯੋਗ ਹੈ ਕਿ ਪ੍ਰੋਡਿਊਸਰ ਡੀ ਐਕਸ ਐਕਸ ਵੱਲੋਂ ਫੇਸਬੁੱਕ, ਯੂਟਿਊਬ ‘ਤੇ ਗੰਦੀਆਂ ਗਾਲ੍ਹਾਂ ਵਾਲੀਆਂ ਲੱਚਰ ਵੀਡੀਓਜ਼ ਬਣਾ ਕੇ ਪਾਈਆਂ ਜਾਂਦੀਆਂ ਹਨ, ਜਿਸ ਕਰਕੇ ਉਹ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ।

ਕੁਝ ਮਹੀਨੇ ਪਹਿਲਾਂ ਪ੍ਰੋਡਿਊਸਰ ਅਤੇ ਉਸ ਦੇ ਸਾਥੀਆਂ ਵੱਲੋਂ ਆਪਣੀ ਇਕ ਵੀਡੀਓ ‘ਚ ਭਾਈ ਘਨੱਈਆ ਜੀ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਉਪਰ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਵੀ ਪਰਚਾ ਹੋ ਚੁੱਕਾ ਹੈ। ਬਰਨਾਲਾ ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਉਨ੍ਹਾਂ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)