ਜੋੜ ਮੇਲੇ ‘ਚੋਂ ਸੰਤ ਭਿੰਡਰਾਂਵਾਲੇ ਦੀ ਤਸਵੀਰ ਉਤਾਰਨ ‘ਤੇ ਚੱਲੀਆਂ ਕਿਰਪਾਨਾਂ, ਪੁਲਿਸ ਮੁਲਾਜ਼ਮ ਤੇ ਕਮੇਟੀ ਪ੍ਰਧਾਨ ਜ਼ਖ਼ਮੀ

0
2141

ਭਿੱਖੀਵਿੰਡ, 29 ਜਨਵਰੀ| ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਤਿਹਾਸਕ ਨਗਰ ਪਿੰਡ ਪਹੂਵਿੰਡ ਸਾਹਿਬ ਵਿਖੇ ਚੱਲ ਰਹੇ ਜੋੜ ਮੇਲੇ ‘ਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਉਤਾਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਵਿਵਾਦ ਛਿੜ ਗਿਆ ਹੈ। ਕਥਿਤ ਤੌਰ ‘ਤੇ ਵਾਇਰਲ ਵੀਡੀਓ ‘ਚ ਕੁਝ ਨੌਜਵਾਨ ਜੋ ਮੇਲੇ ‘ਚ ਲੱਗੇ ਪੰਡਾਲ ਵਿੱਚ ਸੰਗਤਾਂ ਦੀਆਂ ਜੁੱਤੀਆਂ ਗੰਢਣ ਦੀ ਸੇਵਾ ਕਰਨ ਆਏ ਸਨ, ਵੱਲੋਂ ਪੰਡਾਲ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫ਼ੋਟੋ ਲਗਾਈ ਗਈ ਸੀ, ਜਿਸ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਉਤਰਵਾ ਦਿੱਤਾ ਗਿਆ ਸੀ।

ਅਕਾਲੀ ਦਲ ਅੰਮ੍ਰਿਤਸਰ ਨੇ ਫੋਟੋ ਉਤਰਵਾਉਣ ਦੀ ਕੀਤੀ ਨਿੰਦਾ

ਇਸ ਘਟਨਾ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਤਰਨਤਾਰਨ ਤੋਂ ਪ੍ਰਧਾਨ ਹਰਪਾਲ ਸਿੰਘ ਬਲੇਰ ਤੇ ਸਤਿਕਾਰ ਕਮੇਟੀ ਦੇ ਆਗੂ ਭਾਈ ਰਣਜੀਤ ਸਿੰਘ ਉਦੋਕੇ ਨੇ ਕਿਹਾ ਕਿ ਉਕਤ ਪ੍ਰਬੰਧਕ ਕਮੇਟੀ ਦੇ ਮਾੜੇ ਵਤੀਰੇ ਸੰਬੰਧੀ ਪ੍ਰਸ਼ਾਸਨ ਨੂੰ ਦਰਖ਼ਾਸਤ ਦੇ ਕੇ ਕਾਰਵਾਈ ਕਰਵਾਈ ਜਾਵੇਗੀ ਤੇ ਜੇਕਰ ਪ੍ਰਸ਼ਾਸਨ ਨੇ ਕੱਲ੍ਹ ਤਕ ਕੋਈ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਤਾਂ ਉਹ ਸਮੂਹ ਸਿੱਖ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰਾ ਕਰਨ ਮਗਰੋਂ ਅਗਲਾ ਕਦਮ ਚੁੱਕਣਗੇ।

ਸੋਸ਼ਲ ਮੀਡੀਆ ‘ਤੇ ਤੋੜ ਮਰੋੜ ਕੇ ਵੀਡੀਓ ਅਪਲੋਡ ਕਰਨ ਦੇ ਦੋਸ਼

ਉੱਧਰ ਇਸ ਮਾਮਲੇ ਸੰਬੰਧੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਮੈਨੇਜਰ ਪ੍ਰਭਜੋਤ ਸਿੰਘ ਤੇ ਕਰਨਲ ਹਰਿਸਿਮਰਨ ਸਿੰਘ ਨੇ ਪੱਤਰਕਾਰਾਂ ਰਾਹੀਂ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਨੇ ਸੇਵਾ ਕਰ ਰਹੇ ਸਿੰਘਾਂ ਨੂੰ ਕੋਈ ਵੀ ਅਪਸ਼ਬਦ ਨਹੀਂ ਬੋਲਿਆ ਹੈ। ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਜੁੱਤੀਆਂ ਗੰਢਣ ਵਾਲੀ ਥਾਂ ‘ਤੇ ਫ਼ੋਟੋ ਨਾ ਲਗਾਉਣ ਤੇ ਪ੍ਰਬੰਧਕ ਕਮੇਟੀ ਦੀ ਆਗਿਆ ਤੋਂ ਬਿਨਾਂ ਰਸਤੇ ‘ਚ ਤੰਬੂ ਲਗਾਉਣ ਬਾਰੇ ਕਿਹਾ ਸੀ,ਪ੍ਰੰਤੂ ਉਪਰੋਕਤ ਨੌਜਵਾਨਾਂ ਨੇ ਵੀਡੀਓ ਨੂੰ ਤੋੜ-ਮਰੋੜ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਗਈ ਵੀਡੀਓ ‘ਚ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ।

ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗੀ ਮਾਫ਼ੀ

ਕਰਨਲ ਹਰਿਸਿਮਰਨ ਸਿੰਘ ਤੇ ਮੈਨੇਜਰ ਪ੍ਰਭਜੋਤ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼-ਵਿਦੇਸ਼ ‘ਚ ਬੈਠੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਜੇਕਰ ਸੰਗਤਾਂ ਨੂੰ ਇਸ ਤੋੜ-ਮਰੋੜ ਕੇ ਪਾਈ ਗਈ ਵੀਡੀਓ ਨਾਲ ਠੇਸ ਪਹੁੰਚੀ ਹੈ ਤਾਂ ਉਹ ਸਮੂਹ ਸਿੱਖ ਸੰਗਤਾਂ ਤੋਂ ਮੁਆਫ਼ੀ ਮੰਗਦੇ ਹਨ।