ਅੰਮ੍ਰਿਤਸਰ ‘ਚ ਪੁਲੀਸ ਮੁਕਾਬਲਾ: ਵਿਦੇਸ਼ੀ ਗੈਂਗਸਟਰ ਨਿਸ਼ਾਨ ਜੋਰੀਆਂ ਦੇ 2 ਸਾਥੀ ਕਾਬੂ

0
8

ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਅਜਨਾਲਾ ਨੇੜੇ ਹੋਏ ਪੁਲੀਸ ਮੁਕਾਬਲੇ ਤੋਂ ਬਾਅਦ ਵਿਦੇਸ਼ ਵਿੱਚ ਬੈਠੇ ਕਥਿਤ ਗੈਂਗਸਟਰ ਨਿਸ਼ਾਨ ਜੋਰੀਆਂ ਨਾਲ ਜੁੜੇ ਦੋ ਸ਼ੱਕੀ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਕਾਰਵਾਈ ਦੌਰਾਨ ਇੱਕ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।

ਪੁਲੀਸ ਮੁਤਾਬਕ ਗੁਪਤ ਸੂਚਨਾ ਦੇ ਆਧਾਰ ‘ਤੇ ਅਜਨਾਲਾ ਦੇ ਗੁੱਜਾ ਪੀਰ ਨਹਿਰ ਨੇੜੇ ਇੱਕ ਮਹਿੰਦਰਾ ਥਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਸੁਖਰਾਜ ਸਿੰਘ ਉਰਫ਼ ਹੈਰੀ, ਵਾਸੀ ਕੋਟਲੀ ਸੂਰਤ ਮੱਲ੍ਹੀ (ਬਟਾਲਾ), ਨੇ ਕਥਿਤ ਤੌਰ ‘ਤੇ ਪੁਲੀਸ ‘ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਵਿੱਚ ਉਸ ਦੀ ਖੱਬੀ ਲੱਤ ‘ਤੇ ਗੋਲੀ ਲੱਗੀ ਅਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਅਜਨਾਲਾ ਭੇਜਿਆ ਗਿਆ।

ਦੂਜੇ ਮੁਲਜ਼ਮ ਅਰਜੁਨ ਸ਼ਰਮਾ, ਵਾਸੀ ਦਲੇਰਪੁਰ (ਗੁਰਦਾਸਪੁਰ), ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਗਿਆ।

ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ .30 ਬੋਰ ਦਾ ਪਿਸਤੌਲ, ਦੋ ਜ਼ਿੰਦਾ ਕਾਰਤੂਸ, ਤਿੰਨ ਖਾਲੀ ਖੋਖੇ, ਦੋ ਮੋਬਾਈਲ ਫੋਨ ਅਤੇ ਵਾਰਦਾਤ ਵਿੱਚ ਵਰਤੀ ਗਈ ਮਹਿੰਦਰਾ ਥਾਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਇਸ ਸਬੰਧੀ ਅਜਨਾਲਾ ਥਾਣੇ ਵਿੱਚ ਭਾਰਤੀ ਨਿਆਂ ਸੰਹਿਤਾ (BNS) ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੁਲੀਸ ਦੀ ਮੁੱਢਲੀ ਜਾਂਚ ਅਨੁਸਾਰ ਦੋਵੇਂ ਮੁਲਜ਼ਮ ਕਥਿਤ ਤੌਰ ‘ਤੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਨਿਸ਼ਾਨ ਜੋਰੀਆਂ ਦੇ ਨੈੱਟਵਰਕ ਨਾਲ ਜੁੜੇ ਹੋਏ ਸਨ ਅਤੇ ਉਸ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਪੁਲੀਸ ਹੁਣ ਗਿਰੋਹ ਦੇ ਹੋਰ ਮੈਂਬਰਾਂ ਅਤੇ ਸੰਭਾਵਿਤ ਟਾਰਗੇਟ ਦੀ ਪਛਾਣ ਲਈ ਜਾਂਚ ਅੱਗੇ ਵਧਾ ਰਹੀ ਹੈ।