ਜਲੰਧਰ ’ਚ ਆਨੰਦ ਮੈਡੀਕਲ ਸਟੋਰ ’ਤੇ ਪੁਲਿਸ ਤੇ ਡਰੱਗ ਇੰਸਪੈਕਟਰ ਦੀ ਰੇਡ, 100 ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ

0
10

ਦੁਕਾਨ ਸੀਲ ਕਰਨ ਅਤੇ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਸ਼ੁਰੂ, ਪੁਲਿਸ ਨੇ ਪਿਓ-ਪੁੱਤ ਨੂੰ ਹਿਰਾਸਤ ’ਚ ਲਿਆ

ਜਲੰਧਰ: ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜਲੰਧਰ ਦੇ ਬਸਤੀ ਬਾਵਾ ਖੇਲ ਅੱਡੇ ਨੇੜੇ ਆਨੰਦ ਮੈਡੀਕਲ ਸਟੋਰ ਅਤੇ ਪ੍ਰਭਜੋਤ ਮੈਡੀਕਲ ਸਟੋਰ ’ਤੇ ਪੁਲਿਸ ਤੇ ਡਰੱਗ ਇੰਸਪੈਕਟਰ ਦੀ ਟੀਮ ਨੇ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ਪੁਲਿਸ ਨੇ 100 ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਪਿਓ-ਪੁੱਤ ਨੂੰ ਹਿਰਾਸਤ ਵਿੱਚ ਲਿਆ ਹੈ।

ਗਾਹਕ ਬਣ ਕੇ ਦਵਾਈ ਲੈਣ ਪਹੁੰਚਿਆ ਪੁਲਿਸ ਮੁਲਾਜ਼ਮ

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਆਤਿਸ਼ ਭਾਟੀਆ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਮੁਹਿੰਮ ਸਬੰਧੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਬਸਤੀ ਬਾਵਾ ਖੇਲ ਦੀ ਇੱਕ ਦੁਕਾਨ ’ਤੇ ਨਸ਼ੀਲੀਆਂ ਗੋਲੀਆਂ ਵੇਚੇ ਜਾਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਇੱਕ ਵਿਅਕਤੀ ਨੂੰ ਗਾਹਕ ਬਣਾ ਕੇ ਦਵਾਈ ਲੈਣ ਲਈ ਭੇਜਿਆ। ਏਸੀਪੀ ਮੁਤਾਬਕ, ਉਹ ਵਿਅਕਤੀ ਦੁਕਾਨ ਤੋਂ 1,000 ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਲੈ ਕੇ ਆਇਆ।

ਇਸ ਤੋਂ ਬਾਅਦ ਬਸਤੀ ਬਾਵਾ ਖੇਲ ਥਾਣੇ, ਥਾਣਾ ਨੰਬਰ 5 ਅਤੇ ਡਰੱਗ ਇੰਸਪੈਕਟਰ ਦੀ ਟੀਮ ਨੇ ਮਿਲ ਕੇ ਦੁਕਾਨ ’ਤੇ ਛਾਪੇਮਾਰੀ ਕੀਤੀ।

ਗੋਲੀਆਂ ਪੱਤਿਆਂ ’ਚੋਂ ਕੱਢ ਕੇ ਵੇਚਣ ਦਾ ਦੋਸ਼

ਏਸੀਪੀ ਮੁਤਾਬਕ, ਜਾਂਚ ਦੌਰਾਨ ਪਤਾ ਲੱਗਾ ਕਿ ਦੁਕਾਨਦਾਰ ਕਥਿਤ ਤੌਰ ’ਤੇ ਨਸ਼ੀਲੀਆਂ ਗੋਲੀਆਂ ਨੂੰ ਉਨ੍ਹਾਂ ਦੇ ਪੱਤਿਆਂ ਵਿੱਚੋਂ ਕੱਢ ਕੇ ਦੂਜੇ ਡੱਬੇ ਵਿੱਚ ਖੁੱਲ੍ਹੀਆਂ ਗੋਲੀਆਂ ਵਜੋਂ ਰੱਖ ਕੇ ਵੇਚ ਰਿਹਾ ਸੀ। ਡਰੱਗ ਇੰਸਪੈਕਟਰ ਦੀ ਟੀਮ ਵੱਲੋਂ ਗੋਲੀਆਂ ਦੀ ਜਾਂਚ ਅਤੇ ਬਰਾਮਦਗੀ ਦੀ ਕਾਰਵਾਈ ਕੀਤੀ ਗਈ। ਇਸ ਦੇ ਨਾਲ ਹੀ ਹੋਰ ਥਾਵਾਂ ’ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।

ਲਾਇਸੈਂਸ ਰੱਦ ਕਰਨ ਤੇ ਦੁਕਾਨ ਸੀਲ ਕਰਨ ਦੀ ਤਿਆਰੀ

ਏਸੀਪੀ ਆਤਿਸ਼ ਭਾਟੀਆ ਨੇ ਦੱਸਿਆ ਕਿ ਪੁਲਿਸ ਮੁਤਾਬਕ, ਇਸ ਦੁਕਾਨ ’ਤੇ ਪਹਿਲਾਂ ਵੀ ਛਾਪੇਮਾਰੀ ਕੀਤੀ ਗਈ ਸੀ ਅਤੇ ਦੁਕਾਨਦਾਰ ਨੂੰ ਜੇਲ੍ਹ ਭੇਜਿਆ ਗਿਆ ਸੀ। ਹੁਣ ਦੁਬਾਰਾ ਨਸ਼ੀਲੀਆਂ ਗੋਲੀਆਂ ਵੇਚਣ ਦੀ ਸੂਚਨਾ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਦੁਕਾਨਦਾਰ ਦਾ ਲਾਇਸੈਂਸ ਰੱਦ ਕਰਵਾਉਣ ਲਈ ਡਰੱਗ ਇੰਸਪੈਕਟਰ ਦੀ ਟੀਮ ਨੂੰ ਪੱਤਰ ਲਿਖਣ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੁਕਾਨ ਨੂੰ ਸੀਲ ਕਰਨ ਦੀ ਵੀ ਤਿਆਰੀ ਹੈ। ਮਾਮਲੇ ਵਿੱਚ ਪੁਲਿਸ ਅਤੇ ਡਰੱਗ ਇੰਸਪੈਕਟਰ ਦੀ ਜਾਂਚ ਜਾਰੀ ਹੈ।