CM ਦੀ ਡਿਬੇਟ ਤੋਂ ਪਹਿਲਾਂ ਪੁਲਿਸ ਦਾ ਐਕਸ਼ਨ : ਵਿਰੋਧ ਦਾ ਐਲਾਨ ਕਰਨ ਵਾਲਾ ਲੱਖਾ ਸਿਧਾਣਾ ਬਠਿੰਡਾ ‘ਚ ਨਜ਼ਰਬੰਦ, ਘਰ ਦੇ ਬਾਹਰ ਲੱਗੀ PCR

0
1838

ਬਠਿੰਡਾ, 31 ਅਕਤੂਬਰ| ਲੁਧਿਆਣੇ ਵਿੱਚ ਬੁੱਧਵਾਰ ਨੂੰ ਹੋਣ ਵਾਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਓਪਨ ਡਿਬੇਟ ‘ਮੈਂ ਪੰਜਾਬ ਬੋਲਦਾ ਹਾਂ’ ਤੋਂ ਪਹਿਲਾਂ ਪੁਲਿਸ ਨੇ ਵਿਰੋਧ ਕਰਨ ਵਾਲਿਆਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਹੈ। ਕਬੱਡੀ ਪਲੇਅਰ ਤੋਂ ਗੈਂਗਸਟਰ ਅਤੇ ਫਿਰ ਸਮਾਜ ਸੇਵਕ ਬਣੇ ਲੱਖਾ ਸਿਧਾਣਾ ਨੂੰ ਬਠਿੰਡਾ ਸਥਿਤ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਦੀਆਂ 2 ਗੱਡੀਆਂ ਲੱਖਾ ਸਿਧਾਣਾ ਦੇ ਘਰ ਦੇ ਬਾਹਰ ਖੜ੍ਹੀਆਂ ਹਨ।

ਲੱਖਾ ਸਿਧਾਣਾ ਉਨ੍ਹਾਂ ਵਿਚੋਂ ਇੱਕ ਹੈ, ਜਿਨ੍ਹਾਂ ਨੇ ਬੁੱਧਵਾਰ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਓਪਨ ਡਿਬੇਟ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਉਥੇ ਹੀ ਬੀਤੇ ਦਿਨੀਂ ਜਲੰਧਰ ਤੋਂ ਕਾਂਗਰਸ ਵਿਧਾਇਕ ਅਤੇ ਮੰਤਰੀ ਪ੍ਰਗਟ ਸਿੰਘ ਦੇ ਸੱਦੇ ‘ਤੇ ਰੱਖੀ ਡਿਬੇਟ ‘ਚ ਵੀ ਲੱਖਾ ਸਿਧਾਣਾ ਪਹੁੰਚਿਆ ਸੀ ਅਤੇ ਪਾਣੀ ਦੇ ਮੁੱਦੇ ਅਤੇ ਐਸਵਾਈਐਲ ਨਹਿਰ ਨੂੰ ਲੈ ਕੇ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦੀ ਗੱਲ ਕੀਤੀ ਸੀ। ਉਥੇ ਹੀ ਲੱਖਾ ਸਿਧਾਣਾ ਨੇ ਕਿਹਾ ਸੀ ਕਿ ਉਹ ਲੁਧਿਆਣਾ ਵਿਚ ਹੋਣ ਵਾਲੀ ਡਿਬੇਟ ਵਿਚ ਹਰ ਪਾਰਟੀ ਦਾ ਵਿਰੋਧ ਕਰਨਗੇ।

ਕਿਸਾਨ ਜਥੇਬੰਦੀਆਂ ਨੇ ਵੀ ਵਿਰੋਧ ਦਾ ਕੀਤਾ ਹੈ ਐਲਾਨ
ਦਰਅਸਲ, ਆਪਣੀਆਂ-ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਅੰਦੋਲਨ ਕਰ ਰਹੀਆਂ ਵੱਖ-ਵੱਖ ਕਰਮਚਾਰੀ ਯੂਨੀਅਨਾਂ ਅਤੇ ਜਥੇਬੰਦੀਆਂ ਨੇ ਵੀ ਇਸ ਡਿਬੇਟ ਵਿੱਚ ਪਹੁੰਚ ਕੇ ਸਰਕਾਰ ਦਾ ਵਿਰੋਧ ਕਰਨਾ ਹੈ। ਇਸੇ ਲਈ ਪੁਲਿਸ-ਪ੍ਰਸ਼ਾਸਨ ਦੇ ਅਧਿਕਾਰੀ ਨਹੀਂ ਚਾਹੁੰਦੇ ਕਿ ਯੂਨੀਅਨਾਂ ਡਿਬੇਟ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਪਾਉਣ।

ਕਿਰਤੀ ਕਿਸਾਨ ਯੂਨੀਅਨ, ਆਸ਼ਾ ਵਰਕਰ ਯੂਨੀਅਨ, ਆਂਗਨਵਾੜੀ ਕਰਮਚਾਰੀ ਯੂਨੀਅਨ, ਜਲ ਸਪਲਾਈ ਅਤੇ ਸੈਨੀਟੇਸ਼ਨ ਕਰਮਚਾਰੀ ਯੂਨੀਅਨ ਵੀ ਲੱਖਾ ਸਿਧਾਣਾ ਦੇ ਨਾਲ ਵਿਰੋਧ ਦਾ ਐਲਾਨ ਕਰ ਚੁੱਕੀਆਂ ਹਨ।