ਛੋਟੀਆਂ ਕਵਿਤਾਵਾਂ

0
3524

-ਸ਼ਮਿੰਦਰ

ਕਵੀ

ਕਦੇ ਲੰਮੀ ਔੜ
ਕਦੇ ਕਿਣਮਿਣ
ਕਦੇ ਅਚਾਨਕ ਮੋਹਲੇਧਾਰ ਵਰ ਪੈਂਣਾ
ਕਦੇ ਮੀਂਹ ਤੋਂ ਪਹਿਲਾਂ ਇਕ ਹੁੰਮਸ
ਤੇ ਅਖ਼ੀਰ ਠੰਡੀ-ਠੰਡੀ ਰੁਮਕਦੀ 
ਨਸ਼ੀਲੀ ਹਵਾ
ਕਵੀ ਹੋਣਾ
ਇਉਂ ਹੀ ਹੁੰਦੈ……

2. ਜ਼ਿੰਦਗੀ

ਖੁਸ਼ੀ ਹੈ 
ਚਾਹਤ ਹੈ 
ਬੇਕਰਾਰੀ ਹੈ
ਜ਼ਿੰਦਗੀ ਹੈ….
ਦਰਦ ਹੈ
ਪੀੜ ਹੈ
ਝੀਲ ਹੈ
ਜ਼ਿੰਦਗੀ ਹੈ….
ਮਸਤੀ ਹੈ
ਦਿਲਬਰੀ ਹੈ
ਖ਼ੁਮਾਰੀ ਹੈ
ਜ਼ਿੰਦਗੀ ਹੈ…..
ਸਾਜ਼ ਹੈ 
ਸੁਰ ਹੈ
ਤਰਾਨਾ ਹੈ
ਬੰਦਗੀ ਹੈ
ਜ਼ਿੰਦਗੀ ਹੈ…..

3. ਝੱਲੀ

ਤੂੰ ਤਾਂ ਝੱਲੀ ਆਂ
ਐਵੇਂ ਹਰ ਗੱਲ ਦਿਲ ਤੇ ਲਾ ਲੈਨੀ ਆਂ
ਕਮਲੀਏ
ਕਹਿਣੀਆਂ ਕਰਨੀਆਂ ਵਿਚ ਤਾਂ 
ਸਦਾ ਹੀ ਫ਼ਰਕ ਰਹੇ ਨੇ
ਓਥੇ ਹੀ ਨੇ ਚੰਨ ਤਾਰੇ
ਕਦੋਂ ਕਿਸੇ ਨੇ ਤੋੜੇ ਨੇ ..?
ਕਹਿੰਦੇ ਨੇ 
ਸ਼ੇਰ ਸ਼ਿਕਾਰ ਕਰਦੈ
ਕੋਇਲ ਗਾ ਰਹੀ ਐ
ਲੋਕ ਤਾਂ ਸਦੀਆਂ ਤੋਂ ਹੀ ਝੂਠੇ ਨੇ
ਪਹਿਲੀ ਨਜ਼ਰੇ ਜੋ ਦਿਸਦਾ 
ਅਕਸਰ 
ਉਹ.. ਸੱਚ ਨਹੀਂ ਹੁੰਦਾ…
ਤੇ ਤੂੰ…
ਝੱਲੀ..
ਹਰ ਗੱਲ 
ਸੱਚ ਮੰਨ ਲੈਨੀ ਏਂ…
ਸ਼ਮਿੰਦਰ

(ਲੇਖਿਕਾ ਨਾਲ ਇਸ 7526808047 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।)