–ਅਰਜ਼ਪ੍ਰੀਤ
1. ਇਹ ਸ਼ਹਿਰ ਜਿਸ ਦਾ ਨਾਮ ਦਿੱਲੀ ਐ।
ਇਹ ਬਿਨਾ ਦਿਲ ਦੀ ਕਾਲੀ ਬਿੱਲੀ ਐ।
ਇਹ ਹਰ ਵਾਰੀ ਸਾਡੇ ਤੇ ਜੁਲਮ ਕਰਦੀ ਐ।
ਅਸੀਂ ਹਰ ਵਾਰੀ ਇਸਦੀ ਉਡਾਈ ਖਿੱਲੀ ਐ।
ਹਰੀ, ਕੇਸਰੀ ਤੇ ਕਦੇ ਸਾਡੀ ਰੰਗਤ ਨੀਲੀ ਐ।
ਬਾਣੀ, ਬਾਣੇ ਤੋਂ ਤਾਸੀਰ ਹੋਈ ਅਣਖੀਲੀ ਐ।
ਪੋਹ ਮਹੀਨੇ ਲਾਲ ਗੁਰੂ ਦੇ ਅੱਜ ਵੀ ਜੁਝ ਰਹੇ।
ਲਾਲਾਂ ਦੇ ਹਾਲ ਤੱਕ ਕੇ ਹੋਈ ਹਰ ਅੱਖ ਸਿੱਲੀ ਐ।
ਅੱਜ ਵੀ ਇੱਥੇ ਮਿੱਟੀ ਸਾਡੀ ਰੱਤ ਨਾਲ ਗਿੱਲੀ ਐ।
ਇਸ ਵਾਰੀ ਵੀ ਇਹਦੀ ਜਾਪੇ ਹਾਲਤ ਢਿੱਲੀ ਐ।
ਦਾਦੇ ਵਾਂਗਰ ਪੋਤੇ ਜੁਲਮ ਨੂੰ ਅੱਖਾਂ ਕੱਢ ਰਹੇ ਨੇ।
ਇਸ ਵਾਰੀ ਵੀ ਭੈੜੀ ਇਹ ਨੀਹਾਂ ਤੋਂ ਹਿੱਲੀ ਐ।
2. ਹਰ ਵਾਰ ਸਾਡੇ ਨਾਲ, ਤੂੰ ਵੈਰ ਕਮਾਇਆ ਐ।
ਬਾਹਰ ਨਿਕਲ ਦਿੱਲੀਏ, ਪੰਜਾਬ ਆਇਆ ਐ।
ਇਹ ਉਹੀ ਐ ਜਿਸਨੇ ਮੁਗ਼ਲ ਰਾਜ ਹਰਾਇਆ ਐ।
ਅਫਗਾਨ ਤੀਕ ਅਪਣਾ ਝੰਡਾ ਲਹਿਰਾਇਆ ਐ।
ਗੋਰਿਆਂ ਨੂੰ ਦੇਸ਼ ਚੋਂ ਨੰਗੇ ਪੈਰ ਭਜਾਇਆ ਐ।
ਕੈੜੀ ਹੋ ਸਰਕਾਰੇ, ਕਿ ਪੰਜਾਬ ਆਇਆ ਐ।
ਪੁੱਤ ਮਰਾ ਕੇ ਹਰ ਵਾਰੀ ਇਹ ਦੇਸ਼ ਬਚਾਇਆ ਐ।
ਆਪੇ ਭੁੱਖੇ ਸੋ ਕੇ ਇਹਨਾ, ਲੰਗਰ ਲਾਇਆ ਐ।
ਇਹ ਨਹੀਂ ਮਰਦਾ ਇਹ ਸਾਡੇ ਗੁਰੂਆਂ ਦਾ ਜਾਇਆ ਐ।
ਬਾਹਰ ਨਿਕਲ ਸਰਕਾਰੇ, ਕਿ ਪੰਜਾਬ ਆਇਆ ਐ।
ਅੰਨ ਦਾਤੇ ਨੂੰ ਰੌਲ ਕੇ ਤੂੰ ਪਾਪ ਕਮਾਇਆ ਐ।
ਸਾਡੀ ਇੱਜ਼ਤ ਦਾਹੜੇ ਨੂੰ ਤੂੰ ਕਿਉਂ ਹੱਥ ਪਾਇਆ ਐ।
ਦਗ਼ਾ ਕੀਤਾ ਤੂੰ ਹੁਣ ਤੀਕ ਸਾਡਾ ਅੰਨ ਖਾਇਆ ਐ।
ਬਾਹਰ ਨਿਕਲ ਵੇ ਮੋਦੀ, ਕਿ ਪੰਜਾਬ ਆਇਆ ਐ।
ਅੱਜ ਫਿਰ ਪੰਜਾਬ ਨੇ ਇਤਿਹਾਸ ਦੁਹਰਾਇਆ ਐ।
ਲੰਮਾ ਪੈੰਡਾ ਤੈਅ ਕਰ ਕੇ ਤੇਰੇ ਦਰ ਆਇਆ ਐ।
ਪੰਜਾਬ ਸਿੰਘ ਨੇ ਹੀ ਤੇਰਾ ਬੂਹਾ ਖੜਕਾਇਆ ਐ।
ਭੱਜ ਹੁਣ ਕਿੱਥੇ ਭੱਜੇਂਗਾ, ਪੰਜਾਬ ਆਇਆ ਐ।
3. ਅੱਜ ਰਵਾਵੇ ਹਾਕਮ ਸਾਨੂੰ
ਪਰ ਇੱਕ ਦਿਨ ਆਪਾਂ ਹੱਸਾਂਗੇ..
ਝੜਦੇ ਹਾਂ ਤਾਂ ਝੜ ਲੈਣ ਦੇ
ਰੁੱਤ ਆਉਣ ‘ਤੇ ਦੱਸਾਂਗੇ..
ਘਰੋਂ ਜੇ ਸਾਨੂੰ ਬੇਘਰ ਕਰਦੈਂ
ਹਿੱਕ ਤੇਰੀ ‘ਤੇ ਵੱਸਾਂਗੇ..
ਸੂਲ਼ੀ ਦਾ ਤੂੰ ਦਵੇਂ ਡਰਾਬਾ
ਤੇਰਾ ਰੱਸਾ ਕੱਸਾਂਗੇ..
ਤੈਥੋਂ ਡਰ ਬੇਹੋਸ਼ੇ ਜਿਹੜੇ
ਆਪਾਂ ਤਲੀਆਂ ਝੱਸਾਂਗੇ..
ਭੱਜਦਿਆਂ ਤੈਨੂੰ ਰਾਹ ਨਈਂ ਲੱਭਣਾ
ਜਦ ਤੇਰੇ ਮਗਰੇ ਨੱਸਾਂਗੇ..
ਓਨਾ ਅਸਾਂ ਉਤਾਂਹ ਨੂੰ ਉੱਗਣਾ
ਜਿੰਨਾ ਧਰਤੀ ਧੱਸਾਂਗੇ..
ਝੜਦੇ ਹਾਂ ਤਾਂ ਝੜ ਲੈਣ ਦੇ
ਰੁੱਤ ਆਉਣ ‘ਤੇ ਦੱਸਾਂਗੇ…
(ਕਵੀ ਨਾਲ 85578-18557 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।)