੧
ਤੂੰ ਕੁਵੇਲਾ ਨਾ ਕਰ ਕਿ ਸੂਰਜ ਅਸਤ ਹੋ ਜਾਵੇ।
ਮੇਰੀ ਮੌਤ ਦਾ ਫਰਿਸ਼ਤਾ ਐਵੇਂ ਮਸਤ ਹੋ ਜਾਵੇ।
ਛੂਹ ਕੇ ਵੀ ਕੀ ਕਰਣਾ, ਤੇਰਾ ਦੀਦਾਰ ਮੈਂ ਲੋਚਾਂ ।
ਜ਼ਿੰਦਗੀ ਗੁਜਾਰਨ ਦਾ ਬੰਦੋ-ਬਸਤ ਹੋ ਜਾਵੇ।
ਕਿ ਤੂੰ ਕੋਲ ਨਾ ਰੱਖੀਂ ਪਰ ਐਦਾਂ ਸੁੱਟ ਨਾ ਦੇਵੀਂ।
ਕਿਸੇ ਗਰੀਬ ਦਾ ਦਿਲ ਨਾ ਐਵੇਂ ਸਸਤ ਹੋ ਜਾਵੇ।
ਕਿ ਜਿਸਨੂੰ ਤੋੜ ਕੇ ਤੁਰਿਐਂ ਉਸਨੂੰ ਗੰਢ ਵੀ ਲੈਵੀਂ।
ਕਿਸੇ ਦੀ ਜ਼ਿੰਦਗੀ ਦੀ ਡੋਰ ਥੋੜੀ ਕਸਤ ਹੋ ਜਾਵੇ।
ਐਨਾ ਪੱਥਰ ਵੀ ਨਾ ਬਣ ਕਿ ਤੂੰ ਹੀ ਰੱਬ ਜਿਹੀ ਜਾਪੇਂ।
ਸਾਰਾ ਸ਼ਹਿਰ ਕਰੇ ਸਿਜਦੇ ਤੇ ਬੁੱਤ ਪ੍ਰਸਤ ਹੋ ਜਾਵੇ
ਅਰਜ਼ ਵੀ ਗਿਆ ਡੰਗਿਆ ਕਿ ਹੁਣ ਡਰ ਜਿਹਾ ਲਗਦੈ।
ਨਾ ਚੜਦੀ ਉਮਰੇ ਹਾਲਤ ਮੇਰੀ ਖਸਤ ਹੋ ਜਾਵੇ।
ਤੇਰੇ ਬਾਰੇ ਸੋਚ ਸਕਾਂ, ਕਿ ਕੁੱਝ ਕਿੱਸੇ ਵੀ ਦੇ ਜਾ।
ਸ਼ਾਇਰ ਸ਼ਾਇਰੀਆਂ ਕਰਦਾ ਥੋੜਾ ਵਿਅਸਤ ਹੋ ਜਾਵੇ।
੨
ਕੀ ਇਹ ਮੁਸ਼ਕਿਲ ਰਾਹ ‘ਤੇ ਨਈਂ ਐ?
ਪਿਆ ਕਸੁੱਤਾ ਗਾਹ ‘ਤੇ ਨਈਂ ਐ?
ਸੱਜਣਾ ਬਾਹਲ਼ੀ ਮਿੱਠੀ ਜਾਪੇ!
ਇਹ ਤੇਰੀ ਜੂਠੀ ਚਾਹ ‘ਤੇ ਨਈਂ ਐ?
ਧੋਖੇ ਸਾਜਿਸ਼ ਮਹਿਕਾਂ ਆਵਣ
ਸ਼ਹਿਰ ਤੇਰੇ ਦੀ ਹਵਾ ‘ਤੇ ਨਈਂ ਐ?
ਮੌਤ ਦੀ ਪੀੜਾ ਜਿਉਂਦੇ ਸਹਿੰਦੇ
ਤੇਰੀ ਲੱਗੀ ਹਾਅ ‘ਤੇ ਨਈ ਐ?
ਧਰਤੀ ਉੱਗਦੇ ਕੰਡੇ ਜਾਪਣ
ਸ਼ਹਿਰ ਤੇਰੇ ‘ਚ ਘਾਹ ‘ਤੇ ਨਈਂ ਐ?
ਗਿਰਜਾਂ ਘੁੰਮਣ ਚਾਰ ਚੁਫੇਰੇ
ਤੇਰਾ ਲੱਗਿਆ ਦਾਅ ‘ਤੇ ਨਈਂ ਐ?
ਨਿੱਤ ਨਵਾਂ ਦਿਲ ਖਾ ਜਾਂਦੀ ਐ
ਮੇਰੇ ਦਿਲ ਦਾ ਚਾਅ ‘ਤੇ ਨਈਂ ਐ?
ਅਰਜ਼ ਨੂੰ ਮਰਜਾਣਾ ਕਿਉਂ ਆਖੇਂ
ਸੱਜਣਾ ਇਹ ਦੁਆ ‘ਤੇ ਨਈ ਐ..
ਗਲ਼ਵੱਕੜੀ ‘ਚ ਘੁੱਟੀ ਜਾਵੇਂ
ਤੇਰਾ ਇਹ ਸੁਭਾਅ ‘ਤੇ ਨਈਂ ਐ
ਤੇਰਾ ਧੜਕੇ ਮੇਰਾ ਖੜ੍ਹ ਗਿਆ
ਜੋ ਆਇਆ ਆਖ਼ਰੀ ਸਾਹ ‘ਤੇ ਨਈਂ ਐ?
੩
ਅੱਜ ਰਵਾਵੇ ਹਾਕਮ ਸਾਨੂੰ
ਪਰ ਇੱਕ ਦਿਨ ਆਪਾਂ ਹੱਸਾਂਗੇ..
ਝੜਦੇ ਹਾਂ ਤਾਂ ਝੜ ਲੈਣ ਦੇ
ਰੁੱਤ ਆਉਣ ‘ਤੇ ਦੱਸਾਂਗੇ..
ਘਰੋਂ ਜੇ ਸਾਨੂੰ ਬੇਘਰ ਕਰਦੈਂ
ਹਿੱਕ ਤੇਰੀ ‘ਤੇ ਵੱਸਾਂਗੇ..
ਸੂਲ਼ੀ ਦਾ ਤੂੰ ਦਵੇਂ ਡਰਾਬਾ
ਤੇਰਾ ਰੱਸਾ ਕੱਸਾਂਗੇ..
ਤੈਥੋਂ ਡਰ ਬੇਹੋਸ਼ੇ ਜਿਹੜੇ
ਆਪਾਂ ਤਲੀਆਂ ਝੱਸਾਂਗੇ..
ਭੱਜਦਿਆਂ ਤੈਨੂੰ ਰਾਹ ਨਈਂ ਲੱਭਣਾ
ਜਦ ਤੇਰੇ ਮਗਰੇ ਨੱਸਾਂਗੇ..
ਓਨਾ ਅਸਾਂ ਉਤਾਂਹ ਨੂੰ ਉੱਗਣਾ
ਜਿੰਨਾ ਧਰਤੀ ਧੱਸਾਂਗੇ..
ਝੜਦੇ ਹਾਂ ਤਾਂ ਝੜ ਲੈਣ ਦੇ
ਰੁੱਤ ਆਉਣ ‘ਤੇ ਦੱਸਾਂਗੇ..
Bhut khoob
Comments are closed.