ਕਵਿਤਾ – ਮੈਂ ਲੱਭਦੀ ਰਹਿੰਦੀ ਹਾਂ

0
7765

 -ਸਿਮਰਨ ਵਸ਼ਿਸ਼ਟ

ਮੈਂ ਲੱਭਦੀ ਰਹਿੰਦੀ ਹਾਂ ਉਹ ਹਵਾਵਾਂ
ਜਦੋਂ ਅੱਲ੍ਹੜ ਜਿਹੀ ਮੇਰੀ ਮਾਂ ਹੁੰਦੀ ਸੀ
ਕਿੰਨੀ ਸੋਹਣੀ ਉਹ ਧੁੱਪ ਹੁੰਦੀ ਹੋਊ
ਤੇ ਕਿੰਨੀ ਸੋਹਣੀ ਉਹ ਛਾਂ ਹੁੰਦੀ ਸੀ
ਬੇਫ਼ਿਕਰੀ ਦੇ ਉਹ ਦਿਨ
ਜਦੋਂ ਉਹ ਨੱਚਦੀ ਟੱਪਦੀ ਰਹਿੰਦੀ ਸੀ
ਬੇਪਰਵਾਹ ਭੋਲੀ ਜਿਹੀ
ਜੋ ਮਨ ਆਇਆ ਕਹਿੰਦੀ ਸੀ
ਹੁਣ ਸਾਡੀਆਂ ਫਿਕਰਾਂ ਕਰਦੀ ਏ
ਓਦੋਂ ਉਹ ਵੀ ਤਾਂ ਨਾਦਾਨ ਹੋਊ
ਹੁਣ ਪਲ ਪਲ ਸਾਡੇ ਲਈ ਮਰਦੀ ਏ
ਓਦੋਂ ਓਹ ਵੀ ਤਾਂ ਅਣਜਾਣ ਹੋਊ
ਜਿੱਥੇ ਬਚਪਨ ਵਿੱਚ ਉਹ ਖੇਲਦੀ ਸੀ
ਖੌਰੇ ਕਿਹੋ ਜਿਹੀ ਉਹ ਥਾਂ ਹੁੰਦੀ ਸੀ
ਮੈਂ ਲੱਭਦੀ ਰਹਿੰਦੀ ਹਾਂ ਉਹ ਹਵਾਵਾਂ
ਜਦੋਂ ਅੱਲ੍ਹੜ ਜਿਹੀ  ਮੇਰੀ ਮਾਂ ਹੁੰਦੀ ਸੀ