ਨੌਵਾਂ ਨਾਨਕ

0
18509

ਗੁਰੂ ਨਾਨਕ ਦੀ ਲਲਕਾਰ ਨੂੰ
ਸ਼ਹੀਦਾਂ ਦੇ ਸਿਰਤਾਜ ਦੀ
ਸਬਰ ਸੰਤੋਖ ਤੇ ਸੰਜਮ ਨਾਲ
ਦਿੱਤੀ ਸ਼ਹਾਦਤ ਦੀ ਲੜੀ ਨੂੰ
ਆਂਦਰਾਂ ਪਰੋ ਕੇ
ਸਿਰਜਣ ਵਾਲੇ ਨੌਵੇਂ ਨਾਨਕਾ
ਚਾਰ ਸਦੀਆਂ ਪਹਿਲਾਂ
ਇਤਿਹਾਸ ਦਾ
ਰੁਖ਼ ਬਦਲਣ ਵਾਲਿਆ
ਨਿਮਾਣਿਆਂ ਨਿਤਾਣਿਆਂ ਦੀ
ਢਾਲ ਬਣ ਖੜ੍ਹਨ ਵਾਲਿਆ
ਡਰਨਾ ਨਾ ਡਰਾਉਣਾ ਪੜ੍ਹਨ ਵਾਲਿਆ
ਤੂੰ ਸਿਰਫ਼ ਰੂਹਾਨੀ ਮੁਕਤੀ ਦਾਤਾ ਹੀ ਨਹੀਂ
ਸਾਡੇ ਹੱਕਾਂ ਦਾ ਰਖਵਾਲਾ ਹਿਮਾਲਾ ਸੀ।
ਕੁਰਬਾਨੀ ਦਾ ਭਰ ਵਹਿੰਦਾ ਦਰਿਆ ਸੀ
ਨਿਤਾਣਿਆਂ ਲਈ
ਪਹਿਲਾ ਹੌਕਾ ਤੂੰ ਭਰਿਆ ਸੀ।

ਸਮਾਜਿਕ ਨਾ-ਬਰਾਬਰੀ
ਫਿਰਕੂ ਕੱਟੜਤਾ ਦੇ ਖ਼ਿਲਾਫ ਅੜਿਆ
ਡਰ ਕੇ ਨਾ ਦੜਿਆ।
ਲੋਕਾਈ ਦੇ ਦਰਦ ਨੂੰ ਹਰਫ਼ ਹਰਫ਼ ਪੜ੍ਹਿਆ
ਮੁਗਲੀਆ ਹਿੱਕ ਤੇ
ਸਹਿਜ ਸੁਭਾਅ ਚੜ੍ਹਿਆ।

ਤੇਰੇ ਮੁੱਖ ਚੋਂ ਨਿਕਲੇ ਹਰ ਹਰਫ਼ ਨੇ
ਸੈਆਂ ਮਸ਼ਾਲਾਂ ਬਾਲ ਧਰੀਆਂ
ਨਵੀਂ ਰੂਹ ਫੂਕੀ ਨਵੀਆਂ ਪੈੜਾਂ ਕਰੀਆਂ।

ਭੈਅ -ਮੁਕਤ ਹੀ ਨਹੀਂ ਕੀਤਾ
ਮਸਤਿਕ ਚ ਬਾਲ਼ੇ ਗਿਆਨ ਦੇ ਚਿਰਾਗ।
ਸੁੱਤੀ ਧਰਤ ਦੇ ਜਗਾਏ ਭਾਗ।

ਆਰੇ ਨਾਲ ਚੀਰੇ ਭਾਈ ਮਤੀ ਦਾਸ
ਰੂੰ ਚ ਲਪੇਟ ਅਗਨ ਭੇਂਟ ਕੀਤੇ
ਸੁਰਮੇ ਭਾਈ ਸਤੀ ਦਾਸ
ਉਬਲਦੀ ਤੇਗ਼ ‘ਚ
ਸੀ ਨਾ ਕਰਨ ਵਾਲੇ ਭਾਈ ਦਿਆਲਾ
ਤਿਆਰ ਕੀਤਾ ਕੈਸਾ ਤੂੰ ਆਲ ਦੁਆਲਾ।

ਹਰ ਬਿਰਤਾਂਤ ਹਨ੍ਹੇਰੇ ਚ ਜਗਦੀ ਜਵਾਲਾ
ਹਾਏ ! ਏਨਾ ਅਨੰਤ ਉਜਾਲਾ।
ਪਰ ਸਮਝੇ ਕੋਈ ਕਰਮਾਂ ਵਾਲਾ।

ਕਿੰਨੀ ਔਖੀ ਹੈ ਤੁਹਾਡੇ ਦਰਸ਼ਨ ਦੀ
ਚੁੱਭੀ ਮਾਰ ਕੇ ਥਾਹ ਪਾਉਣੀ।
ਸਹਿਜ ਚਿੰਤਨ ਦੀ ਡੂੰਘਾਈ
ਜ਼ਾਲਮ ਨੂੰ ਸਮਝ ਨਾ ਆਈ।
ਗੂੜੀਆਂ ਰਮਜ਼ਾਂ ਦੀ ਬਾਤ ਪਾਉਣੀ
ਜੋ ਤੇਰੇ ਹਿੱਸੇ ਆਈ।

ਧਰਤੀ ਨੂੰ ਆਪਣੀ ਵਿਰਾਸਤ ਤੇ
ਮਾਣ ਹੋ ਰਿਹਾ
ਸ਼ਹੀਦਾਂ ਦੇ ਲਹੂ ਨਾਲ ਲਿਖੀਆਂ
ਇਬਾਰਤਾਂ ਪੜ੍ਹਦਿਆਂ
ਸਾਫ਼ ਦਿਸਦਾ ਹੈ
ਸਾਡਾ ਬਾਪੂ ਸਾਡੇ ਲਈ ਕੁਰਬਾਨ ਹੋ ਰਿਹਾ।

ਕਦੀ ਧੁੰਦਲੇ ਨਹੀਂ ਹੁੰਦੇ
ਤੁਹਾਡੇ ਕਦਮਾਂ ਦੇ ਨਿਸ਼ਾਨ
ਭਾਈ ਜੈਤਾ ਜੀ ਦੀ ਬੁੱਕਲ ‘ ਚ ਅੱਜ ਵੀ
ਸੀਸ ਦੀ ਆਭਾ ਹੈ ਬੇਮਿਸਾਲ।
ਸੂਰਜੀ ਜਲਵਾ ਕਮਾਲ।

ਕਦਾਚਿਤ ਨਹੀਂ ਵਿੱਸਰਦਾ ਚਾਂਦਨੀ ਚੌਂਕ
ਅੱਜ ਵੀ ਬੁਲਾਉਂਦਾ ਹੈ
ਚੇਤਾ ਕਰਵਾਉਂਦਾ ਹੈ।
ਸੁਲੱਖਣਾ ਵਰਤਾਰਾ ਸੀ
ਨਿਰਭਉ ਨਿਰਵੈਰ ਦਾ।
ਨੌਵੇਂ ਨਾਨਕ ਦਾਤਾਰ ਦਾ।

ਮਨੁੱਖੀ ਆਜ਼ਾਦੀ ਦਾ
ਪਰਚਮ ਲਹਿਰਾਉਣ ਵਾਲਿਆ।
ਹਨ੍ਹੇਰਿਆਂ ਦੇ ਵਣਜਾਰਿਆਂ ਨੂੰ
ਸੂਹੇ ਸੁਪਨੇ ਲੈਣ ਵਾਲੇ
ਕਦੇ ਵੀ ਨਹੀਂ ਪੁੱਗਦੇ
ਸਦਭਾਵਨਾ ਵਾਲਾ ਤੇਰਾ ਸੰਦੇਸ਼
ਚਾਰ ਸਦੀਆਂ ਬਾਦ ਵੀ ਨਿੰਮੋਝੂਣ।
ਦਲੀਲ ਦਾ ਗਲਾ ਤੇਗ ਹੇਠ।
ਤਰਕ ਜ਼ਲੀਲ ਹੋ ਰਿਹਾ।
ਮਨੁੱਖ ਦੀ ਮਨੁੱਖ ਹੱਥੋਂ ਲੁੱਟ ਮੁੱਕੀ ਨਹੀਂ
ਸਾਹਾਂ ਤੇ ਸਵਾਸਾਂ ਤੋ
ਪਾਬੰਦੀ ਅਜੇ ਚੁੱਕੀ ਨਹੀਂ।

ਤੁਹਾਡੀ ਬਾਣੀ ਪੜ੍ਹੀ ਹੈ
ਬਾਰ ਬਾਰ ਅਨੇਕ ਬਾਰ।
ਜਿਸ ਚ ਗਿਆਨ ਸੰਦੇਸ਼ੜਾ ਹੈ
” ਭੈ ਕਾਹੂੰ ਕੋ ਦੇਤ ਨਾ
ਨਹਿ ਭੈ ਮਾਨਤ ਆਨ “

ਮੈਂ ਜਾਵਾਂ ਕੁਰਬਾਨ ਗੁਰੂ ਜੀ
ਮੈਂ ਜਾਵਾਂ ਕੁਰਬਾਨ।
ਕਿੰਨੀ ਉੱਚੀ ਕੀਤੀ ਧਰਮ ਦੀ
ਤੁਸੀਂ ਉੱਚ ਦੋਮਾਲੜੀ ਸ਼ਾਨ।
ਇਸ ਵਿਚਾਰਧਾਰਾ ਨੂੰ ਸਮਝਣ ਵਾਲੇ
ਤੁਹਾਡੇ ਫ਼ਿਕਰ ਨੂੰ ਪਹਿਚਾਨਣ ਵਾਲੇ
ਸਿਰੜੀ ਸਿਦਕਵਾਨ ਪੁੱਤਰ
ਤੁਰੇ ਨੇ ਅੱਜ ਫੇਰ
ਜ਼ੁਰਅਤ, ਸਿਦਕ, ਹਿੰਮਤ, ਹੌਂਸਲੇ,
ਤਰਕ ਤੇ ਅਕੀਦੇ ਨਾਲ
?
ਨਵਜੋਤ ਕੌਰ (ਡਾ:)
ਪ੍ਰਿੰਸੀਪਲ
ਲਾਇਲਪੁਰ ਖ਼ਾਲਸਾ ਕਾਲਿਜ ਫਾਰ ਵਿਮੈੱਨ, ਜਲੰਧਰ