ਨਵੀਂ ਦਿੱਲੀ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਦੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦਾ ਇਹ 99ਵਾਂ ਐਪੀਸੋਡ ਹੈ। ਇਸ ਦੌਰਾਨ ਪੀਐਮ ਨੇ ਕੋਰੋਨਾ ਤੋਂ ਚੌਕਸ ਰਹਿਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਭਾਰਤ ‘ਚ 5 ਹਫਤਿਆਂ ਤੋਂ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਬਹੁਤ ਸਾਰੇ ਤਿਉਹਾਰ ਵੀ ਆਉਣ ਵਾਲੇ ਹਨ। ਇਨ੍ਹਾਂ ਹਾਲਾਤਾਂ ਵਿਚ ਮੁੜ ਤੋਂ ਚੌਕਸ ਰਹਿਣ ਦੀ ਲੋੜ ਹੈ।
ਆਉਣ ਵਾਲੇ ਵੱਖ-ਵੱਖ ਤਿਉਹਾਰਾਂ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਅਜਿਹੇ ਸਮੇਂ ‘ਚ ਕੋਰੋਨਾ ਮਾਮਲਿਆਂ ਦੀ ਗਿਣਤੀ ਵਧਣ ‘ਤੇ ਚਿੰਤਾ ਜ਼ਾਹਰ ਕੀਤੀ। ਪੀਐਮ ਨੇ ਲੋਕਾਂ ਨੂੰ ਕੋਰੋਨਾ ‘ਚ ਸਾਵਧਾਨੀ ਵਰਤਣ ਲਈ ਕਿਹਾ।
ਪੀਐਮ ਮੋਦੀ ਨੇ ਕਿਹਾ ਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਵੀ ਸ਼ੁਰੂ ਹੋ ਗਿਆ ਹੈ। ਸ੍ਰੀ ਰਾਮ ਨੌਮੀ ਦਾ ਮਹਾਨ ਤਿਉਹਾਰ ਵੀ ਅਗਲੇ ਦਿਨਾਂ ਵਿੱਚ ਆਉਣ ਵਾਲਾ ਹੈ। ਇਸ ਤੋਂ ਬਾਅਦ ਮਹਾਵੀਰ ਜਯੰਤੀ, ਗੁੱਡ ਫਰਾਈਡੇ ਅਤੇ ਈਸਟਰ ਵੀ ਆਉਣਗੇ। ਸਾਨੂੰ ਆਪਣੇ ਫਰਜ਼ਾਂ ਨੂੰ ਸਭ ਤੋਂ ਅੱਗੇ ਰੱਖਣਾ ਹੋਵੇਗਾ। ਦੋਸਤੋ, ਇਸ ਸਮੇਂ ਕੁਝ ਥਾਵਾਂ ‘ਤੇ ਕੋਰੋਨਾ ਵੀ ਵੱਧ ਰਿਹਾ ਹੈ। ਇਸ ਲਈ ਤੁਹਾਨੂੰ ਸਾਰਿਆਂ ਨੂੰ ਸਾਵਧਾਨੀ ਵਰਤਣੀ ਪਵੇਗੀ, ਸਫ਼ਾਈ ਦਾ ਵੀ ਧਿਆਨ ਰੱਖੋ।
ਦੱਸ ਦੇਈਏ ਕਿ ਭਾਰਤ ਵਿੱਚ ਕੱਲ੍ਹ 1,890 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਹ 149 ਦਿਨਾਂ ਵਿੱਚ ਸਭ ਤੋਂ ਵੱਧ ਹੈ। ਕੇਂਦਰੀ ਸਿਹਤ ਵਿਭਾਗ ਨੇ ਕਿਹਾ ਕਿ ਨਤੀਜੇ ਵਜੋਂ, ਐਕਟਿਵ ਮਾਮਲਿਆਂ ਦੀ ਗਿਣਤੀ 9,433 ਤੱਕ ਪਹੁੰਚ ਗਈ ਹੈ। ਮੌਜੂਦਾ ਸਮੇਂ ‘ਚ ਦੇਸ਼ ‘ਚ ਕੋਰੋਨਾ ਰਿਕਵਰੀ ਰੇਟ 98.79 ਫੀਸਦੀ ਹੈ। ਕੱਲ੍ਹ ਸੱਤ ਨਵੀਆਂ ਮੌਤਾਂ ਨਾਲ, ਕੁੱਲ ਮੌਤਾਂ ਦੀ ਗਿਣਤੀ 5,30,831 ਹੋ ਗਈ ਹੈ।