ਪੈਟਰੋਲ ਪੰਪ ‘ਤੇ ਲੁੱਟ ਦਾ ਮਾਮਲਾ : ਭਾਜਪਾ ਆਗੂ ਦਾ ਬੇਦਖਲ ਬੇਟਾ ਹੀ ਨਿਕਲਿਆ ਲੁੱਟ ਦਾ ਮਾਸਟਰਮਾਈਂਡ

0
499

ਲੁਧਿਆਣਾ। ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਵਿੱਚ ਬੀਤੇ ਦਿਨੀਂ ਭਾਜਪਾ ਆਗੂ ਦੇ ਪੈਟਰੋਲ ਪੰਪ ‘ਤੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੀਸੀਟੀਵੀ ਫੁਟੇਜ ਵਿੱਚ ਇੱਕ ਏਟੀਐਮ ‘ਤੇ ਮੁਲਜ਼ਮ ਹਥਿਆਰਾਂ ਦੇ ਨਾਲ ਨਜਰ ਆ ਰਹੇ ਹਨ।
ਪਹਿਚਾਣ ਹੋ ਜਾਣ ‘ਤੇ ਮੁਲਜ਼ਮਾਂ ਵੱਲੋਂ ਮੌਕੇ ‘ਤੇ ਪਹੁੰਚੀ ਪੁਲਿਸ ‘ਤੇ ਹਮਲਾ ਵੀ ਕੀਤਾ ਗਿਆ ਸੀ। ਚਾਕੂ ਨਾਲ ਪੁਲਿਸ ‘ਤੇ ਵਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਇਨ੍ਹਾਂ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ ਅਤੇ ਅੱਜ ਪੁਲਿਸ ਵੱਲੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਮੁੱਖ ਮੁਲਜ਼ਮ ਉਦੇ ਰਾਜ ਗਰੇਵਾਲ ਹਮਲੇ ਦੀ ਸ਼ਿਕਾਇਤ ਕਰਨ ਵਾਲੇ ਭਾਜਪਾ ਆਗੂ ਦਾ ਹੀ ਬੇਦਖਲ ਬੇਟਾ ਹੈ।

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਇਸ ਸਬੰਧੀ ਪੁਸ਼ਟੀ ਕਰਦਿਆਂ ਕਿਹਾ ਕਿ ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋ ਮੁਲਜ਼ਮ ਇਸ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਹਨ। ਮੁਲਜ਼ਮ ਦਾ ਤਾਂ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਪਰ ਉਸ ਦੇ ਪਿਤਾ ਦਾ ਜ਼ਰੂਰ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਾਡਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜੇਕਰ ਕੋਈ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਉਹ ਸਲਾਖਾ ਪਿੱਛੇ ਹੀ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਉਧਰ ਦੂਜੇ ਪਾਸੇ ਭਾਜਪਾ ਆਗੂ ਵੱਲੋਂ ਇਸ ਪੂਰੇ ਮਾਮਲੇ ‘ਤੇ ਆਪਣਾ ਸਪੱਸ਼ਟੀਕਰਨ ਵੀ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੇਟੇ ਨੂੰ ਅਤੇ ਉਸ ਦੀ ਮਾਤਾ ਨੂੰ 2015 ਵਿੱਚ ਹੀ ਉਨ੍ਹਾਂ ਵੱਲੋਂ ਬੇਦਖਲ ਕਰ ਦਿੱਤਾ ਗਿਆ ਸੀ ਅਤੇ ਇਸ ਦੀ ਅਖ਼ਬਾਰ ਦੀ ਕਟਿੰਗ ਵੀ ਉਨ੍ਹਾਂ ਨਾਲ ਭੇਜੀ ਹੈ।