ਚੰਡੀਗੜ੍ਹ/ਫਿਰੋਜ਼ਪੁਰ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ਼ ਚੇਤਨ ਸਿੰਘ ਜੌੜੇਮਾਜਰਾ, ਅਜ਼ਾਦੀ ਘੁਲਾਟੀਆਂ, ਰੱਖਿਆ ਸੇਵਾਵਾਂ ਭਲਾਈ, ਬਾਗਬਾਨੀ, ਸੂਚਨਾ ਅਤੇ ਲੋਕ ਸੰਪਰਕ ਮੰਤਰੀ, ਪੰਜਾਬ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਮਿਰਚਾਂ ਦੇ ਕਿਸਾਨਾਂ ਲਈ ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ, ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਪਨਸੀਡ ਦੀ ਮੌਜੂਦਗੀ ਵਿਚ ਮਿਤੀ 17 ਮਾਰਚ 2023 ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮਹਿਲਮ ਵਿਖੇ ਚਿਲੀ ਕਲੱਸਟਰ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਪ੍ਰੋਜੈਕਟ ਫੇਜ਼ ਦੇ ਪੜਾਅ 1 ਦੀ ਸ਼ੁਰੂਆਤ ਕੀਤੀ ਗਈ।
ਪੰਜਾਬ ਵਿੱਚ ਮਿਰਚਾਂ ਦੀ ਪੈਦਾਵਾਰ ਬਾਰੇ ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਵਿੱਚ ਲਗਭਗ 9,920 ਹੈਕਟੇਅਰ ਰਕਬੇ ਵਿੱਚੋਂ 19,963 ਮੀਟਰਕ ਟਨ ਹਰੀ ਮਿਰਚ ਦਾ ਉਤਪਾਦਨ ਹੁੰਦਾ ਹੈ। ਪੰਜਾਬ ਦੇ ਪ੍ਰਮੁੱਖ ਮਿਰਚ ਉਤਪਾਦਕ ਜ਼ਿਲ੍ਹੇ ਫਿਰੋਜ਼ਪੁਰ, ਪਟਿਆਲਾ, ਮਲੇਰਕੋਟਲਾ, ਸੰਗਰੂਰ, ਜਲੰਧਰ, ਤਰਨਤਾਰਨ, ਅੰਮ੍ਰਿਤਸਰ, ਐਸਬੀਐਸ ਨਗਰ ਅਤੇ ਹੁਸ਼ਿਆਰਪੁਰ ਹਨ। ਇਨ੍ਹਾਂ ਵਿੱਚੋਂ ਜਿਲ੍ਹਾ ਫਿਰੋਜਪੁਰ ਵਿੱਚ ਸਭ ਤੋਂ ਵੱਧ 1700 ਹੈਕਟੇਅਰ ਰਕਬੇ ਵਿੱਚ ਮਿਰਚਾਂ ਦੀ ਪੈਦਾਵਾਰ ਹੁੰਦੀ ਹੈ। ਇਸ ਤੋਂ ਬਾਅਦ 1195 ਹੈਕਟੇਅਰ ਨਾਲ ਜਲੰਧਰ ਅਤੇ 1106 ਹੈਕਟੇਅਰ ਨਾਲ ਤਰਨਤਾਰਨ ਦਾ ਨੰਬਰ ਆਉਂਦਾ ਹੈ। ਪੰਜਾਬ ਵਿੱਚ ਮਿਰਚ ਦੀ ਵੱਧ ਤੋਂ ਵੱਧ ਉਤਪਾਦਕਤਾ 19 ਮੀਟਰਿਕ ਟਨ/ਹੈਕਟੇਅਰ ਹੈ। ਮਿਰਚ ਦੀ ਖੇਤੀ 8000 ਤੋਂ ਵੱਧ ਲੋਕਾਂ ਨੂੰ ਸਿੱਧੇ ਅਤੇ 16,000 ਤੋਂ ਵੱਧ ਲੋਕਾਂ ਨੂੰ ਅਸਿੱਧੇ ਤੌਰ ‘ਤੇ ਰੁਜ਼ਗਾਰ ਪ੍ਰਦਾਨ ਕਰਨ ਲਈ ਜਾਣੀ ਜਾਂਦੀ ਹੈ।
ਜੌੜਾਮਾਜਰਾ ਨੇ ਦੱਸਿਆ ਕਿ ਪਹਿਲਾਂ ਮਿਰਚ ਦੀ ਫ਼ਸਲ ਦਾ ਉਚਿਤ ਭਾਅ ਨਹੀਂ ਮਿਲਦਾ ਸੀ ਜਿਸ ਕਾਰਣ ਕਿਸਾਨ ਫ਼ਸਲੀ ਵਿਭਿੰਨਤਾ ਤੋਂ ਬੇਮੁੱਖ ਹੋ ਰਹੇ ਸਨ ਪਰ ਹੁਣ ਇਸ ਕਲੱਸਟਰ ਦੇ ਬਣਨ ਨਾਲ ਕਿਸਾਨਾਂ ਦੀ ਮਿਰਚ ਦੀ ਫ਼ਸਲ ਦਾ ਮੰਡੀਕਰਨ ਸਫ਼ਲ ਢੰਗ ਨਾਲ਼ ਹੋ ਸਕੇਗਾ ਅਤੇ ਓਹਨਾਂ ਨੂੰ ਵਧੀਆ ਮੁਨਾਫ਼ਾ ਵੀ ਹੋਵੇਗਾ।
ਮਿਰਚਾਂ ਦੇ ਇਸ ਕਲੱਸਟਰ ਦੇ ਉਦਘਾਟਨ ਮੌਕੇ ਕੁਲਤਾਰ ਸਿੰਘ ਸੰਧਵਾਂ ਅਤੇ ਚੇਤਨ ਸਿੰਘ ਜੌੜਾਮਾਜਰਾ ਵਲੋਂ ਖ਼ੁਦ ਖੇਤਾਂ ਵਿੱਚ ਜਾਕੇ ਕਿਸਾਨਾਂ ਤੋਂ ਮਿਰਚਾਂ ਦੀਆਂ ਵੱਖ ਵੱਖ ਕਿਸਮਾਂ ਦੀ ਜਾਣਕਾਰੀ ਲਈ ਅਤੇ ਓਹਨਾਂ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਮਿਰਚ ਉਤਪਾਦਕਾਂ ਨੇ ਬਾਗਬਾਨੀ ਵਿਭਾਗ ਦੇ ਤਕਨੀਕੀ ਸਹਿਯੋਗ ਅਤੇ ਨਿੱਜੀ ਖੇਤਰ ਦੇ ਸੰਸਥਾਵਾਂ ਦੇ ਸਹਿਯੋਗ ਨਾਲ 19 ਜਨਵਰੀ 2023 ਨੂੰ ਮਿਰਚ ਕਲੱਸਟਰ ਵਿਕਾਸ ਪ੍ਰੋਗਰਾਮ ਸ਼ੁਰੂ ਕੀਤਾ ਸੀ। ਇਸ ਕਲੱਸਟਰ ਅਤੇ ਹੋਰ ਕਈ ਕਲੱਸਟਰਾਂ ਵਿੱਚ ਬਾਗਬਾਨੀ ਉਤਪਾਦਕਾਂ ਦੇ ਉਤਸ਼ਾਹ ਨੇ ਪੰਜਾਬ ਸਰਕਾਰ ਨੂੰ ਸੂਬੇ ਯੋਜਨਾਬੱਧ ਗਤੀਵਿਧੀਆਂ ਦੇ ਰੋਜ਼ਾਨਾ ਪ੍ਰਬੰਧਨ ਲਈ ਪ੍ਰੋਜੈਕਟ ਡਾਇਰੈਕਟੋਰੇਟ, ਇੱਕ ਪ੍ਰੋਜੈਕਟ ਪ੍ਰਬੰਧਨ ਯੂਨਿਟ (PMU) ਸਥਾਪਤ ਕੀਤਾ ਜਾਵੇਗਾ। ਪ੍ਰੋਜੈਕਟ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਪ੍ਰੋਜੈਕਟ ਮੁਲਾਂਕਣ ਅਤੇ ਪ੍ਰਵਾਨਗੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ।
ਬਾਗਬਾਨੀ ਮੰਤਰੀ, ਚੇਤਨ ਸਿੰਘ ਜੌੜੇਮਾਜਰਾ ਨੇ ਇਨ੍ਹਾਂ ਨਵੀਆਂ ਪਹਿਲਕਦਮੀਆਂ ਨੂੰ ਅੱਗੇ ਲਿਜਾਉਣ ਲਈ ਆਪਣੇ ਵੱਡਮੁੱਲੇ ਵਿਚਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਸਦਕਾ ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਤਕਨੀਕੀ ਜਾਣਕਾਰੀ ਤੋਂ ਇਲਾਵਾ ਵਿੱਤੀ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਟਰੇਨਿੰਗਾਂ/ਕੈਂਪਾਂ /ਸੈਮੀਨਾਰਾਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨ ਥੋੜ੍ਹੀ ਜ਼ਮੀਨ ਵਿਚੋਂ ਜ਼ਿਆਦਾ ਆਮਦਨ ਲੈ ਸਕਣ।
ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਚਿਲੀ ਕਲੱਸਟਰ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਮੁੱਲ ਲੜੀ ਵਿੱਚ ਵਧੀ ਹੋਈ ਕੁਸ਼ਲਤਾ ਅਤੇ ਤਕਨੀਕੀ ਏਕੀਕਰਣ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਉਪਜ ਦੀ ਦਿੱਖ ਨੂੰ ਹੋਰ ਸੁਧਾਰੇਗਾ। ਇਸ ਤੋਂ ਇਲਾਵਾ, ਇਹ ਕਿਸਾਨ ਭਾਈਚਾਰੇ ਨੂੰ ਖੇਤੀ ਦੀ ਲਾਗਤ ਘਟਾਉਣ, ਖੇਤੀ-ਕਾਰੋਬਾਰ ਸਥਾਪਤ ਕਰਨ ਲਈ ਉੱਦਮੀਆਂ, ਔਰਤਾਂ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਮੁੱਲ ਲੜੀ ਵਿੱਚ ਹਿੱਸਾ ਲੈਣ ਦੇ ਮੌਕੇ ਪ੍ਰਦਾਨ ਕਰਨ ਵਿੱਚ ਵੀ ਮਦਦ ਕਰੇਗਾ।
ਇਸ ਮੌਕੇ ਡਾਇਰੈਕਟਰ ਬਾਗਬਾਨੀ,ਪੰਜਾਬ ਸ਼ੈਲਿੰਦਰ ਕੌਰ ਅਤੇ ਰਜਨੀਸ਼ ਕੁਮਾਰ ਦਹੀਆ (ਐਮ.ਐਲ.ਏ. ਫਿਰੋਜ਼ਪੁਰ ਦਿਹਾਤੀ), ਰਣਬੀਰ ਸਿੰਘ ਭੁੱਲਰ (ਐਮ.ਐਲ.ਏ. ਫਿਰੋਜ਼ਪੁਰ ਸਿਟੀ) ਅਤੇ ਫੌਜਾ ਸਿੰਘ ਸਰਾਰੀ (ਐਮ.ਐਲ.ਏ. ਗੁਰੂਹਰਸਹਾਏ) ਤੋਂ ਇਲਾਵਾ ਅਮਿਤ ਕੁਮਾਰ, ਆਈ.ਏ.ਐਸ. ਸੰਯੁਕਤ ਵਿਕਾਸ ਕਮਿਸ਼ਨਰ-ਕਮ-ਸੀ.ਈ.ਓ. ਪੀ.ਐਸ.ਆਰ.ਐਲ.ਐਮ. ਮੋਹਾਲੀ ਉੱਚੇਚੇ ਤੌਰ ਤੇ ਮੌਜੂਦ ਸਨ।