ਡਿਪਟੀ ਕਮਿਸ਼ਨਰ ਦੀ ਸਖਤੀ ਤੋਂ ਬਾਅਦ ਦਕੋਹਾ ਫਲਾਈਓਵਰ ਦੇ ਦੋਨੋਂ ਪਾਸੇ ਸਰਵਿਸ ਲੇਨਾਂ ਤਿਆਰ

0
1252

ਡਿਪਟੀ ਕਮਿਸ਼ਨਰ ਦੀ ਸਖਤੀ ਤੋਂ ਬਾਅਦ ਦਕੋਹਾ ਫਲਾਈਓਵਰ ਦੇ ਦੋਨੋਂ ਪਾਸੇ ਸਰਵਿਸ ਲੇਨਾਂ ਤਿਆਰ

ਜਲੰਧਰ-ਪਾਣੀਪਤ ਕੌਮੀ ਹਾਈਵੇ ਉੱਪਰ ਸੁਚਾਰੂ ਤਰੀਕੇ ਨਾਲ ਆਵਾਜਾਈ ਸ਼ੁਰੂ-ਰਾਹਗੀਰਾਂ ਨੂੰ ਮਿਲੀ ਵੱਡੀ ਰਾਹਤ, ਦਕੋਹਾ ਫਲਾਈਓਵਰ ਦਾ ਕੰਮ ਵੀ ਜਲਦ ਹੋਵੇਗਾ ਮੁਕੰਮਲ

ਜਲੰਧਰ, 4 ਅਕਤੂਬਰ | ਡਿਪਟੀ ਕਮਿਸ਼ਨਰ ਜਲੰਧਰ ਵਿਸ਼ੇਸ਼ ਸਾਰੰਗਲ ਦੀ ਸਖਤੀ ਤੋਂ ਬਾਅਦ ਜਲੰਧਰ-ਪਾਣੀਪਤ ਕੌਮੀ ਮਾਰਗ ਉੱਪਰ ਦਕੋਹਾ ਨੇੜੇ ਬਣ ਰਹੇ ਫਲਾਈਓਵਰ ਦੇ ਦੋਹੀਂ ਪਾਸੀਂ ਸਰਵਿਸ ਲੇਨਾਂ ਦਾ ਮੁਹਾਂਦਰਾ ਬਦਲ ਗਿਆ ਹੈ। ਸਰਵਿਸ ਲੇਨਾਂ ਦੀ ਮਾੜੀ ਹਾਲਤ ਕਾਰਨ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਰਾਹਗੀਰਾਂ ਨੂੰ ਹੁਣ ਵੱਡੀ ਰਾਹਤ ਮਿਲੀ ਹੈ।

ਬੀਤੀ 19 ਸਤੰਬਰ ਨੂੰ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਜਲੰਧਰ ਵਿਖੇ ਕੌਮੀ ਹਾਈਵੇ ਅਥਾਰਟੀ, ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸਾਰੰਗਲ ਵਲੋਂ ਦਕੋਹਾ ਫਲਾਈਓਵਰ ਦੇ ਦੋਨੋਂ ਪਾਸੇ ਸਰਵਿਸ ਲੇਨਾਂ ਦੀ ਖਸਤਾ ਹਾਲਤ ਦਾ ਗੰਭੀਰ ਨੋਟਿਸ ਲੈਂਦਿਆਂ ਕੌਮੀ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਸਰਵਿਸ ਲੇਨਾਂ ਨੂੰ 15 ਦਿਨਾਂ ਦੇ ਅੰਦਰ- ਅੰਦਰ ਨਵੇਂ ਰੂਪ ਵਿਚ ਬਣਾਇਆ ਜਾਵੇ ।  

ਉਨ੍ਹਾਂ ਨਾਲ ਹੀ ਨਿਰਦੇਸ਼ ਦਿੱਤੇ ਸਨ ਕਿ ਰੋਜ਼ਾਨਾ ਲੱਖਾਂ ਲੋਕਾਂ ਦੇ ਗੁਜ਼ਰਣ ਵਾਲੇ ਇਸ ਕੌਮੀ ਹਾਈਵੇ ਦੀਆਂ ਸਰਵਿਸ ਲੇਨਾਂ ਨੂੰ ਜੇਕਰ ਮਿੱਥੇ ਸਮੇਂ ਅੰਦਰ ਬਿਲਕੁਲ ਨਵਾਂ ਨਹੀਂ ਬਣਾਇਆ ਗਿਆ ਤਾਂ ਸਬੰਧਿਤ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ । ਇਸ ਤੋਂ ਇਲਾਵਾ 4 ਅਕਤੂਬਰ ਨੂੰ ਸਾਂਝੇ ਤੌਰ ’ਤੇ ਸਾਇਟ ਦਾ ਦੌਰਾ ਵੀ ਰੱਖਿਆ ਗਿਆ ਸੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੌਮੀ ਰਾਜਮਾਰਗ ਉੱਪਰ ਫਲਾਈਓਵਰ ਬਣ ਰਿਹਾ ਹੈ, ਜਦਕਿ ਦੋਹੀਂ ਪਾਸੇ ਸਰਵਿਸ ਲੇਨਾਂ ਖਰਾਬ ਹੋਣ ਕਰਕੇ ਜਿੱਥੇ ਬਰਸਾਤੀ ਮੌਸਮ ਦੌਰਾਨ ਲੋਕਾਂ ਨੂੰ ਲੰਬੇ ਟ੍ਰੈਫਿਕ ਜਾਮਾਂ ਦਾ ਸਾਹਮਣਾ ਕਰਨਾ ਪੈ ਰਿਹਾ  ਸੀ ਉੱਥੇ ਹੀ ਵਾਹਨਾਂ ਦੇ ਹਾਦਸਾ ਗ੍ਰਸਤ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਸੀ। ਇਸ ਤੋਂ ਇਲਾਵਾ ਨੇੜਲੇ ਰੇਲਵੇ ਜੰਕਸ਼ਨ ਵਿਖੇ ਵੀ ਆਉਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।  

ਡਿਪਟੀ ਕਮਿਸ਼ਨਰ ਵਲੋਂ ਰੋਜ਼ਾਨਾ ਦੇ ਆਧਾਰ ’ਤੇ ਐਸ.ਡੀ.ਐਮਜ਼ ਤੇ ਹੋਰ ਉੱਚ ਅਧਿਕਾਰੀਆਂ ਨੂੰ ਸਰਵਿਸ ਲੇਨਾਂ ਜਲਦ ਤਿਆਰ ਕਰਕੇ ਸੁਚਾਰੂ ਆਵਾਜਾਈ ਲਈ ਨਿਗਰਾਨੀ ਦੇ ਹੁਕਮ ਦਿੱਤੇ ਗਏ ਸਨ ਜਿਸ ਤਹਿਤ ਰੋਜ਼ਾਨਾ ਕੰਮ ਦੀ ਪ੍ਰਗਤੀ ਦੀ ਰਿਪੋਰਟ ਲਈ ਗਈ। ਉਨ੍ਹਾਂ ਦੱਸਿਆ ਕਿ ਹੁਣ ਦੋਹੀਂ ਪਾਸੀਂ ਸਰਵਿਸ ਲੇਨਾਂ ਬਣਨ ਦੇ ਨਾਲ ਆਵਾਜਾਈ ਨਿਰਵਿਘਨ ਚੱਲ ਰਹੀ ਹੈ ਤੇ ਹਾਦਸਿਆਂ ਦੀ ਸੰਭਾਵਨਾ ਵੀ ਘਟੀ ਹੈ। ਸ੍ਰੀ ਸਾਰੰਗਲ ਨੇ ਇਹ ਵੀ ਕਿਹਾ ਕਿ ਦਕੋਹਾ ਫਲਾਈਓਵਰ ਦੇ ਕੰਮ ਵਿਚ ਵੀ ਤੇਜੀ ਲਿਆਉਣ ਲਈ ਕੌਮੀ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਲੋਕ ਨਿਰਮਾਣ ਵਿਭਾਗ ਤੇ ਸਬੰਧਿਤ ਐਸ.ਡੀ.ਐਮ ਨੂੰ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨਾਲ ਲਗਾਤਾਰ ਰਾਬਤਾ ਰੱਖਕੇ ਫਲਾਈਓਵਰ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਉਹ ਖੁਦ ਦਕੋਹਾ ਫਲਾਈਓਵਰ ਦੇ ਤੇਜੀ ਨਾਲ ਨਿਰਮਾਣ ਲਈ ਪ੍ਰਾਜੈਕਟ ਦੀ ਪ੍ਰਗਤੀ ਦੀ ਹਫਤਾਵਾਰੀ  ਸਮੀਖਿਆ ਕਰ ਰਹੇ ਹਨ।