ਪੰਜਾਬ ‘ਚ ਠੰਡ ਨੇ ਠਾਰੇ ਲੋਕ, ਪਹਾੜੀ ਇਲਾਕਿਆਂ ‘ਚ ਬਰਫਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ ‘ਚ ਵਧੀ ਠੰਡ

0
455

ਚੰਡੀਗੜ੍ਹ, 9 ਫਰਵਰੀ | ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਤਾਪਮਾਨ ਵਧਣ ਦੇ ਆਸਾਰ ਹਨ। ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਤਾਪਮਾਨ 20 ਡਿਗਰੀ ਨੂੰ ਪਾਰ ਕਰ ਗਿਆ ਹੈ। ਸੂਬੇ ਵਿੱਚ ਸ਼ਨੀਵਾਰ ਨੂੰ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ ਪਿਛਲੇ ਦਿਨ ਦੇ ਮੁਕਾਬਲੇ 1.6 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ।

ਹਾਲਾਂਕਿ ਇਹ ਆਮ ਨਾਲੋਂ 2.8 ਡਿਗਰੀ ਸੈਲਸੀਅਸ ਵੱਧ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 25.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਵੈਸਟਰਨ ਡਿਸਟਰਬੈਂਸ ਸ਼ਨੀਵਾਰ ਤੋਂ ਸਰਗਰਮ ਹੋ ਗਿਆ ਹੈ ਪਰ ਪੰਜਾਬ ਦੇ ਮੈਦਾਨੀ ਇਲਾਕਿਆਂ ‘ਚ ਇਸ ਦਾ ਅਸਰ ਦੇਖਣ ਨੂੰ ਨਹੀਂ ਮਿਲੇਗਾ। ਮੌਸਮ ਕੇਂਦਰ ਮੁਤਾਬਕ ਆਉਣ ਵਾਲੇ 5 ਦਿਨਾਂ ‘ਚ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ‘ਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਅਜਿਹਾ ਹੋਣ ‘ਤੇ ਮੈਦਾਨੀ ਇਲਾਕਿਆਂ ‘ਚ ਹਲਕੀ ਠੰਢ ਵਧੇਗੀ ਪਰ ਤਾਪਮਾਨ ‘ਚ ਇਸ ਦਾ ਅਸਰ ਜ਼ਿਆਦਾ ਨਹੀਂ ਦਿਖੇਗਾ।

ਪਹਾੜਾਂ ਤੋਂ ਆ ਰਹੀਆਂ ਠੰਢੀਆਂ ਹਵਾਵਾਂ ਸੂਬੇ ‘ਚ ਠੰਢ ਨੂੰ ਵਧਾ ਰਹੀਆਂ ਹਨ। ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਹਵਾਵਾਂ ਜਨਵਰੀ ਵਿੱਚ ਚੱਲਦੀਆਂ ਤਾਂ ਠੰਢ ਪੈ ਸਕਦੀ ਸੀ ਕਿਉਂਕਿ ਪੱਛਮੀ ਹਵਾਵਾਂ ਕਾਰਨ ਤਾਪਮਾਨ ਘੱਟ ਜਾਂਦਾ ਹੈ ਅਤੇ ਇਹ ਹਵਾਵਾਂ ਨਮੀ ਨੂੰ ਸੋਖ ਲੈਂਦੀਆਂ ਹਨ। ਹੁਣ ਤਿੰਨ-ਚਾਰ ਦਿਨਾਂ ਤੱਕ ਇਨ੍ਹਾਂ ਹਵਾਵਾਂ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੈ ਪਰ ਜੇਕਰ ਚਾਰ ਦਿਨ ਤੋਂ ਵੱਧ ਇਸ ਤਰ੍ਹਾਂ ਦੀਆਂ ਹਵਾਵਾਂ ਚੱਲਦੀਆਂ ਹਨ ਤਾਂ ਕਿਸਾਨਾਂ ਨੂੰ ਸਿੰਚਾਈ ਬਾਰੇ ਸੋਚਣਾ ਪਵੇਗਾ।

ਮੌਸਮ ਵਿਗਿਆਨੀਆਂ ਮੁਤਾਬਕ ਦਿਨ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ ਅਤੇ ਫ਼ਰਵਰੀ ਦੇ ਅੰਤ ਤੱਕ ਇਹ 30 ਡਿਗਰੀ ਜਾਂ ਇਸ ਤੋਂ ਉੱਪਰ ਪਹੁੰਚ ਸਕਦਾ ਹੈ। ਸ਼ੁੱਕਰਵਾਰ ਨੂੰ ਪੰਜਾਬ ਦਾ ਦਿਨ ਦਾ ਤਾਪਮਾਨ 20 ਤੋਂ 25 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ। ਆਉਣ ਵਾਲੇ 5 ਦਿਨਾਂ ‘ਚ ਇਸ ‘ਚ ਵਾਧਾ ਹੋਵੇਗਾ।