ਅੰਮ੍ਰਿਤਸਰ, 12 ਸਤੰਬਰ| ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰ ਰਹੀ ਮਾਲ ਪਟਵਾਰ-ਕਾਨੂੰਗੋ ਯੂਨੀਅਨ ਦੋ ਹਿੱਸਿਆਂ ਵਿਚ ਵੰਡ ਗਈ ਹੈ। ਦਰਅਸਲ ਪਟਵਾਰ ਯੂਨੀਅਨ ਦੇ ਕੁੱਝ ਮੈਂਬਰਾਂ ਨੇ ਸਰਕਾਰ ਦੇ ਸਮਰਥਨ ਵਿਚ ਅੱਗੇ ਆ ਕੇ ਨਿਊ ਰੈਵੀਨਿਊ ਪਟਵਾਰ ਕਾਨੂੰਗੋ ਯੂਨੀਅਨ ਦਾ ਗਠਨ ਕੀਤਾ ਸੀ ਪਰ ਇਸ ਦੇ ਐਲਾਨ ਸਮੇਂ ਪੁਰਾਣੇ ਗਰੁੱਪ ਦੇ ਮੈਂਬਰ ਵੀ ਪਹੁੰਚ ਗਏ ਅਤੇ ਨਵੀਂ ਯੂਨੀਅਨ ਨਾਲ ਜੁੜੇ ਲੋਕਾਂ ਨੂੰ ‘ਕਾਲੀਆਂ ਭੇਡਾਂ’ ਕਹਿ ਕੇ ਨਾਅਰੇਬਾਜ਼ੀ ਕੀਤੀ।
ਨਵੀਂ ਯੂਨੀਅਨ ਨੇ ਏਅਰਪੋਰਟ ਰੋਡ ’ਤੇ ਸਥਿਤ ਇਕ ਹੋਟਲ ਵਿਚ ਪ੍ਰੈਸ ਕਾਨਫਰੰਸ ਕਰਕੇ ਨਵੀਂ ਰੈਵੀਨਿਊ ਪਟਵਾਰ ਕਾਨੂੰਗੋ ਯੂਨੀਅਨ ਦਾ ਐਲਾਨ ਕੀਤਾ। ਜਸਵੰਤ ਰਾਏ ਨੂੰ ਇਸ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਅਤੇ ਉਹ ਖੁਦ ਸਰਕਾਰ ਦੇ ਹੱਕ ਵਿਚ ਆ ਗਈ ਅਤੇ ਯੂਨੀਅਨ ਨੂੰ ਭੰਗ ਕਰਨ ਦੀ ਗੱਲ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਨਵੀਆਂ ਭਰਤੀਆਂ ਦੇ ਬਾਵਜੂਦ ਯੂਨੀਅਨ ਕੰਮ ਨਹੀਂ ਕਰ ਰਹੀ। ਕੰਮ ਕਰਨ ਦੇ ਚਾਹਵਾਨਾਂ ਨੂੰ ਵੀ ਕੰਮ ਨਹੀਂ ਕਰਨ ਦਿਤਾ ਜਾ ਰਿਹਾ।
ਜਦੋਂ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਤਾਂ ਅੰਮ੍ਰਿਤਸਰ ਪਟਵਾਰ ਯੂਨੀਅਨ ਦੇ ਮੈਂਬਰ ਤੇ ਪ੍ਰਧਾਨ ਹਰਪਾਲ ਸਿੰਘ ਪਹੁੰਚੇ। ਜਿਨ੍ਹਾਂ ਨੇ ਇਸ ਕਾਨਫਰੰਸ ਨੂੰ ਅੱਧ ਵਿਚਕਾਰ ਹੀ ਰੋਕ ਦਿਤਾ। ਦੋਵੇਂ ਯੂਨੀਅਨਾਂ ਦੇ ਮੈਂਬਰ ਆਹਮੋ-ਸਾਹਮਣੇ ਹੋ ਗਏ। ਹਾਲਾਤ ਅਜਿਹੇ ਬਣ ਗਏ ਕਿ ਪੁਲਿਸ ਨੂੰ ਦਖਲ ਦੇਣਾ ਪਿਆ। ਅਖੀਰ ਵਿਚ ਨਿਊ ਪਟਵਾਰ ਯੂਨੀਅਨ ਦੇ ਮੈਂਬਰਾਂ ਨੂੰ ਪ੍ਰੈਸ ਕਾਨਫਰੰਸ ਅੱਧ ਵਿਚਾਲੇ ਛੱਡਣੀ ਪਈ। ਨਵੀਂ ਯੂਨੀਅਨ ਦੇ ਪ੍ਰਧਾਨ ਜਸਵੰਤ ਰਾਏ ਅਤੇ ਕਨਵੀਨਰ ਜਸਵੰਤ ਸਿੰਘ ਦਾਲਮ ਨੇ ਕਿਹਾ ਕਿ ਇਹ ਯੂਨੀਅਨ ਅਪਣਾ ਕੰਮ ਜਾਰੀ ਰੱਖੇਗੀ। ਇਸ ਪ੍ਰਦਰਸ਼ਨ ਨਾਲ ਉਸ ਦੇ ਕੰਮ ‘ਤੇ ਕੋਈ ਫਰਕ ਨਹੀਂ ਪਵੇਗਾ।